ਆਕਲੈਂਡ : ਨਿਊਜ਼ੀਲੈਂਡ ਦੇ Bay of Plenty ਵਿੱਚ ਇੱਕ Kiwifruit ਕੰਪਨੀ ਦੇ ਮਾਲਕ, ਤਰੁਣ ਗੌਤਮ, ਨੂੰ ਮਾਈਗਰੈਂਟ ਵਰਕਰਜ਼ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 40,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਤਰੁਣ ਗੌਤਮ ‘Hariom Horticulture Limited’ ਦਾ ਮਾਲਕ ਹੈ, ਜਿਸ ਨੇ ਪੰਜ ਪ੍ਰਵਾਸੀ ਕਾਮਿਆਂ ਨੂੰ ਘੱਟੋ-ਘੱਟ ਤਨਖਾਹ ਅਤੇ ਛੁੱਟੀਆਂ ਦੇ ਪੈਸੇ (holiday pay) ਨਹੀਂ ਦਿੱਤੇ, ਅਤੇ ਨਾ ਹੀ ਕੰਮ ਦੇ ਸਹੀ ਰਿਕਾਰਡ ਰੱਖੇ।
Employment Relations Authority (ERA) ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਇੱਕ ਵਰਕਰ, ਜਗਮੀਤ ਸਿੰਘ, ਤੋਂ ਨੌਕਰੀ ਪੱਕੀ ਕਰਨ ਲਈ ਗੈਰ-ਕਾਨੂੰਨੀ ਢੰਗ ਨਾਲ 23,300 ਡਾਲਰ ਤੋਂ ਵੱਧ ਦੀ ਰਕਮ ਵਸੂਲੀ ਸੀ। ਇਹ ਭੁਗਤਾਨ ਇੰਡੀਅਨ ਰੁਪਏ ਅਤੇ ਨਿਊਜ਼ੀਲੈਂਡ ਡਾਲਰਾਂ ਵਿੱਚ ਲਿਆ ਗਿਆ ਸੀ। ਵਰਕਰ ਆਪਣੇ ਵਰਕ ਵੀਜ਼ੇ ਕਾਰਨ ਇਸ ਕੰਪਨੀ ’ਤੇ ਨਿਰਭਰ ਸਨ, ਜਿਸ ਦਾ ਤਰੁਣ ਗੌਤਮ ਨੇ ਗਲਤ ਫਾਇਦਾ ਉਠਾਇਆ।
ERA ਨੇ ਹੁਕਮ ਦਿੱਤਾ ਹੈ ਕਿ ਜੁਰਮਾਨੇ ਦੀ ਕੁੱਲ ਰਕਮ ਵਿੱਚੋਂ 30,000 ਡਾਲਰ ਪੀੜਤ ਕਾਮਿਆਂ ਵਿੱਚ ਵੰਡੇ ਜਾਣ, ਜਿਸ ਵਿੱਚੋਂ ਨੌਕਰੀ ਲਈ ਭੁਗਤਾਨ ਕਰਨ ਵਾਲੇ ਵਰਕਰ ਨੂੰ ਮੁਆਵਜ਼ਾ ਵਾਪਸ ਦਿੱਤਾ ਜਾਵੇਗਾ। ਬਾਕੀ ਬਚਦੇ 10,000 ਡਾਲਰ Crown ਨੂੰ ਜਾਣਗੇ। Labour Inspectorate ਮੁਤਾਬਕ ਇਹ ਕਾਰਵਾਈ ਦੂਜੀਆਂ ਕੰਪਨੀਆਂ ਲਈ ਇੱਕ ਸਖ਼ਤ ਚੇਤਾਵਨੀ ਹੈ ਜੋ ਵਰਕਰਜ਼ ਦੀ ਮਜਬੂਰੀ ਦਾ ਫਾਇਦਾ ਚੁੱਕਦੀਆਂ ਹਨ।
