- ਲੋਕਾਂ ’ਤੇ ਪੈ ਰਿਹਾ ਆਰਥਿਕ ਦਬਾਅ ਅਤੇ AI ਟੂਲਸ ਦੀ ਵੱਧ ਰਹੀ ਵਰਤੋਂ ਰਹੇ ਕਾਰਨ
- ਸਿਰਫ਼ 11% ਵਿਵਾਦ ਨਿਕਲੇ ਸਹੀ, ਕਸਟਮਰਜ਼ ਨੂੰ ਕੁੱਲ 1.3 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਗਿਆ
- ਧੋਖਾਧੜੀ ਅਤੇ ਸਕੈਮ ਨਾਲ ਜੁੜੀਆਂ ਸ਼ਿਕਾਇਤਾਂ ’ਚ 40% ਦੀ ਗਿਰਾਵਟ ਦਰਜ ਕੀਤੀ ਗਈ
ਔਕਲੈਂਡ : New Zealand ਦੇ ਬੈਂਕਿੰਗ ਸੈਕਟਰ ’ਚ ਕਸਟਮਰਜ਼ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਰਿਪੋਰਟ ਅਨੁਸਾਰ, Banking Ombudsman Scheme ਵਲੋਂ ਨਿਊਜ਼ੀਲੈਂਡ ਦੇ ਬੈਂਕਾਂ ਖਿਲਾਫ ਦਰਜ ਕੀਤੇ ਗਏ ਵਿਵਾਦਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।
ਜੂਨ 2026 ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ, Banking Ombudsman Scheme ਨੇ 283 ਵਿਵਾਦਾਂ ਦੀ ਜਾਂਚ ਕੀਤੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 26% ਵੱਧ ਹੈ। ਕੁੱਲ ਮਿਲਾ ਕੇ 5171 ਮਾਮਲੇ (ਸ਼ਿਕਾਇਤਾਂ ਅਤੇ ਪੁੱਛਗਿੱਛਾਂ ਸਮੇਤ) ਦਰਜ ਕੀਤੇ ਗਏ। ਇਨ੍ਹਾਂ ’ਚੋਂ ਸਿਰਫ਼ 11% ਵਿਵਾਦਾਂ ਨੂੰ ਸਹੀ ਠਹਿਰਾਇਆ ਗਿਆ, ਜਿਸ ਦੇ ਨਤੀਜੇ ਵਜੋਂ ਗਾਹਕਾਂ ਨੂੰ ਕੁੱਲ 1.3 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਗਿਆ।
ਬੈਂਕਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ, ASB ਖਿਲਾਫ 973 ਸ਼ਿਕਾਇਤਾਂ ਆਈਆਂ ਜਿਨ੍ਹਾਂ ’ਚੋਂ 54 ਮਾਮਲੇ ਵਿਵਾਦ ਬਣੇ। ਦੇਸ਼ ਦੇ ਸਭ ਤੋਂ ਵੱਡੇ ਬੈਂਕ ANZ ਨੂੰ 947 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ’ਚੋਂ 55 ਵਿਵਾਦਾਂ ਦੀ ਜਾਂਚ ਕੀਤੀ ਗਈ। ਹੋਰ ਵੱਡੇ ਬੈਂਕਾਂ ’ਚ, Kiwibank ਖਿਲਾਫ 52, Westpac ਖਿਲਾਫ 39, ਅਤੇ BNZ ਖਿਲਾਫ 42 ਵਿਵਾਦ ਦਰਜ ਹੋਏ। ਦਰਮਿਆਨੇ ਆਕਾਰ ਦੇ ਬੈਂਕਾਂ ’ਚੋਂ, Heartland Bank ਦੇ ਹਿੱਸੇ 24 ਅਤੇ TSB ਦੇ ਹਿੱਸੇ 4 ਵਿਵਾਦ ਆਏ।
ਸਭ ਤੋਂ ਵੱਧ ਉਛਾਲ ਕਰਜ਼ੇ ਸੰਬੰਧੀ ਵਿਵਾਦਾਂ ’ਚ ਦੇਖਿਆ ਗਿਆ, ਜੋ ਪਿਛਲੇ ਸਾਲ ਨਾਲੋਂ 59% ਵੱਧ ਹਨ। ਬੈਂਕਿੰਗ ਓਮਬਡਸਮੈਨ Nicola Sladden ਨੇ ਇਸ ਵਾਧੇ ਦਾ ਮੁੱਖ ਕਾਰਨ ਲੋਕਾਂ ’ਤੇ ਪੈ ਰਹੇ ਆਰਥਿਕ ਦਬਾਅ ਅਤੇ AI ਟੂਲਸ ਦੀ ਵੱਧ ਰਹੀ ਵਰਤੋਂ ਨੂੰ ਦੱਸਿਆ, ਜਿਸ ਨੇ ਕਸਟਮਰਜ਼ ਨੂੰ ਸ਼ਿਕਾਇਤਾਂ ਕਰਨ ਦਾ ਭਰੋਸਾ ਦਿੱਤਾ ਹੈ। ਹਾਲਾਂਕਿ, ਇੱਕ ਚੰਗੀ ਖ਼ਬਰ ਇਹ ਰਹੀ ਕਿ ਧੋਖਾਧੜੀ ਅਤੇ ਸਕੈਮ ਨਾਲ ਜੁੜੀਆਂ ਸ਼ਿਕਾਇਤਾਂ ’ਚ 40% ਦੀ ਗਿਰਾਵਟ ਦਰਜ ਕੀਤੀ ਗਈ ਹੈ।
