ਔਕਲੈਂਡ : South Auckland ’ਚ ਵਾਪਰੇ ਭਿਆਨਕ ਕਾਰ ਹਾਦਸੇ ’ਚ ਜਾਨ ਗੁਆਉਣ ਵਾਲੇ ਤਿੰਨ ਪੰਜਾਬੀਆਂ ਨੂੰ ਉਨ੍ਹਾਂ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। Ōtāhuhu ਦੇ ਇੱਕ ਫਿਊਨਰਲ ਹੋਮ ’ਚ ਨਵ-ਵਿਆਹੇ ਜੋੜੇ ਸੁਖਦੀਪ ਸਿੰਘ (33), ਉਨ੍ਹਾਂ ਦੀ ਪਤਨੀ ਸੁਖਵੀਰ ਕੌਰ (29) ਅਤੇ ਉਨ੍ਹਾਂ ਦੇ ਜੀਜੇ ਗੁਰਪ੍ਰੀਤ ਸਿੰਘ (38) ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੀਤੀ 8 ਨਵੰਬਰ ਦੀ ਦੇਰ ਰਾਤ ਜਦੋਂ ਇਹ ਤਿੰਨੋਂ ਦੀਵਾਲੀ ਦੇ ਜਸ਼ਨਾਂ ਤੋਂ ਵਾਪਸ ਪਰਤ ਰਹੇ ਸਨ, ਤਾਂ ਉਨ੍ਹਾਂ ਦੀ ਕਾਰ Takanini ਸਥਿਤ BurgerFuel ਨਾਲ ਟਕਰਾ ਗਈ ਸੀ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨੇ ਸਮੁੱਚੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
NZ Herald ਦੀ ਰਿਪੋਰਟ ਮੁਤਾਬਕ ਅੰਤਿਮ ਅਰਦਾਸ ਮੌਕੇ ਲਗਭਗ 20 ਲੋਕ ਸ਼ਾਮਲ ਹੋਏ, ਜਿਨ੍ਹਾਂ ’ਚ Takanini ਤੋਂ ਸੰਸਦ ਮੈਂਬਰ Rima Nakhle, Manurewa-Papakura Ward ਦੇ ਕੌਂਸਲਰ Daniel Newman ਅਤੇ Matt Winiata ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਦੌਰਾਨ Supreme Sikh Society ਅਤੇ Central Sikh Association ਦੇ ਪ੍ਰਧਾਨ ਦਲਜੀਤ ਸਿੰਘ ਵੱਲੋਂ ਇਸ ਦੁੱਖ ਦੀ ਘੜੀ ’ਚ ਨਿਭਾਈ ਗਈ ਅਗਵਾਈ ਦੀ ਸਭ ਨੇ ਸ਼ਲਾਘਾ ਕੀਤੀ।
ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਬੁੱਧਵਾਰ ਤੱਕ ਇੰਡੀਆ ਪਹੁੰਚਣ ਦੀ ਉਮੀਦ ਹੈ, ਹਾਲਾਂਕਿ Indian Ministry of Health ਦੀ ਮਨਜ਼ੂਰੀ ਮਿਲਣ ‘ਤੇ ਇਹ ਪਹਿਲਾਂ ਵੀ ਭੇਜੀਆਂ ਜਾ ਸਕਦੀਆਂ ਹਨ। ਮ੍ਰਿਤਕ ਦੇਹਾਂ ਨੂੰ ਭੇਜਣ ਦਾ ਜ਼ਿਆਦਾਤਰ ਖਰਚਾ Givealittle ਪੇਜ ਰਾਹੀਂ ਇਕੱਠੇ ਹੋਏ ਫੰਡਾਂ ਨਾਲ ਪੂਰਾ ਕੀਤਾ ਗਿਆ ਹੈ, ਜਦਕਿ ਬਾਕੀ ਰਕਮ Auckland ਦੇ ਗੁਰਦੁਆਰਾ ਸਾਹਿਬਾਨ ਵੱਲੋਂ ਦਿੱਤੀ ਗਈ ਹੈ।
ਸੰਸਦ ਮੈਂਬਰ Rima Nakhle ਨੇ ਭਾਈਚਾਰੇ ਨਾਲ ਦੁੱਖ ਸਾਂਝਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਹਾਦਸੇ ਸਬੰਧੀ ਬੇਲੋੜੀਆਂ ਅਟਕਲਾਂ ਨਾ ਲਗਾਉਣ ਅਤੇ ਪੀੜਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ।
