ਔਕਲੈਂਡ : New Zealand ਤੋਂ ਬਾਹਰ ਰਹਿ ਰਹੇ ਅਤੇ ਆਪਣੇ Overdue Student Loan ਕਾਰਨ ਪਰੇਸ਼ਾਨ ਲੋਕਾਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਆਪਣੇ ਬਕਾਇਆ ਲੋਨ ’ਤੇ ਵੱਡਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ। RNZ ਦੀ ਇੱਕ ਰਿਪੋਰਟ ਅਨੁਸਾਰ ਔਕਲੈਂਡ ਦੇ ਇੱਕ ਵਕੀਲ, Dave Ananth, ਨੇ ਹਾਲ ਹੀ ’ਚ ਇੱਕ ਵਿਅਕਤੀ ਨੂੰ ਇਸੇ ਸਕੀਮ ਤਹਿਤ 100,000 ਡਾਲਰ ਦਾ ਡਿਸਕਾਊਂਟ ਦਿਵਾਉਣ ’ਚ ਮਦਦ ਕੀਤੀ ਹੈ।
ਅਪ੍ਰੈਲ ਮਹੀਨੇ ’ਚ ਕਾਨੂੰਨ ’ਚ ਹੋਏ ਇੱਕ ਬਦਲਾਅ ਨੇ Inland Revenue (IRD) ਕਮਿਸ਼ਨਰ ਦੇ ਅਧਿਕਾਰਾਂ ’ਚ ਵਾਧਾ ਕੀਤਾ ਹੈ। ਹੁਣ ਕਮਿਸ਼ਨਰ ਵਿਦੇਸ਼ਾਂ ’ਚ ਰਹਿ ਰਹੇ ਕਰਜ਼ਦਾਰਾਂ ਨੂੰ ਉਨ੍ਹਾਂ ਦੇ ਲੋਨ ’ਤੇ ਲੱਗੇ interest ਅਤੇ ਪੈਨਲਟੀ ਤੋਂ ਵੱਡੀ ਰਾਹਤ ਦੇ ਸਕਦੇ ਹਨ। ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ, ਕਰਜ਼ਦਾਰਾਂ ’ਤੇ ਲਗਾਈਆਂ ਗਈਆਂ ਕੁੱਲ ਪੈਨਲਟੀਆਂ 1.27 ਬਿਲੀਅਨ ਡਾਲਰ ਤੱਕ ਪਹੁੰਚ ਗਈਆਂ ਹਨ, ਜੋ ਕਿ ਅਸਲ ਓਵਰਡਿਊ ਲੋਨ ਰਕਮ (1.4 ਬਿਲੀਅਨ ਡਾਲਰ) ਦੇ ਲਗਭਗ ਬਰਾਬਰ ਹਨ।
Dave Ananth ਮੁਤਾਬਕ, ਉਨ੍ਹਾਂ ਨੂੰ Australia, Europe ਅਤੇ South Africa ਤੋਂ ਹਰ ਹਫ਼ਤੇ ਲਗਭਗ 20 ਕਾਲਾਂ ਆਉਂਦੀਆਂ ਹਨ। ਬਹੁਤ ਸਾਰੇ ਲੋਕ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਨ੍ਹਾਂ ਦਾ 20 ਸਾਲ ਪੁਰਾਣਾ 20,000 ਡਾਲਰ ਦਾ ਲੋਨ ਹੁਣ ਵੱਧ ਕੇ 80,000 ਡਾਲਰ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਹੀ ਦਸਤਾਵੇਜ਼ ਪੇਸ਼ ਕਰਨ ’ਤੇ ਵਿਆਜ ਦਾ 50% ਤੱਕ ਮੁਆਫ਼ ਕਰਵਾਇਆ ਜਾ ਸਕਦਾ ਹੈ।
ਹਾਲਾਂਕਿ, Inland Revenue ਦੀ ਇੱਕ ਮੁੱਖ ਸ਼ਰਤ ਇਹ ਹੈ ਕਿ ਸਮਝੌਤਾ ਹੋਣ ’ਤੇ ਕਰਜ਼ਦਾਰ ਨੂੰ 30 ਦਿਨਾਂ ਦੇ ਅੰਦਰ-ਅੰਦਰ ਬਕਾਇਆ ਰਕਮ ਜਮ੍ਹਾਂ ਕਰਵਾਉਣੀ ਪਵੇਗੀ। Dave Ananth ਦਾ ਕਹਿਣਾ ਹੈ ਕਿ ਲੋਕਾਂ ’ਚ ਇਸ ਸਕੀਮ ਪ੍ਰਤੀ ਜਾਗਰੂਕਤਾ ਦੀ ਬਹੁਤ ਘਾਟ ਹੈ ਅਤੇ ਕਰਜ਼ਦਾਰਾਂ ਨੂੰ ਡਰਨ ਦੀ ਬਜਾਏ ਇਸ “win-win” ਸਥਿਤੀ ਦਾ ਲਾਭ ਉਠਾਉਣਾ ਚਾਹੀਦਾ ਹੈ, ਜਿਸ ਨਾਲ ਸਰਕਾਰ ਨੂੰ ਆਪਣਾ ਪੈਸਾ ਵਾਪਸ ਮਿਲੇਗਾ ਅਤੇ ਕਰਜ਼ਦਾਰ ਦਾ ਖਾਤਾ ਬੰਦ ਹੋ ਸਕੇਗਾ।
