ਲੰਡਨ: ਪਹਿਲੀ ਸੰਸਾਰ ਜੰਗ ’ਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਲੜਨ ਵਾਲੇ ਅਤੇ ਸ਼ਹੀਦ ਹੋਣ ਵਾਲੇ ਹਜ਼ਾਰਾਂ ਗੁੰਮਨਾਮ ਪੰਜਾਬੀ ਅਤੇ ਇੰਡੀਅਨ ਫ਼ੌਜੀਆਂ ਨੂੰ ਆਖ਼ਰਕਾਰ ਵੱਡੀ ਮਾਨਤਾ ਮਿਲ ਗਈ ਹੈ। ਪਿਛਲੇ 80 ਸਾਲਾਂ ਵਿੱਚ ਪਹਿਲੀ ਵਾਰ ਕੈਜ਼ੂਅਲਟੀ ਰਿਕਾਰਡ ਵਿੱਚ ਸਭ ਤੋਂ ਵੱਡਾ ਸੁਧਾਰ ਕਰਦਿਆਂ, 9909 ਬ੍ਰਿਟਿਸ਼ ਇੰਡੀਅਨ ਆਰਮੀ ਦੇ ਫ਼ੌਜੀਆਂ ਦੇ ਨਾਮ Commonwealth War Graves Commission (CWGC) ਦੇ ਡਾਟਾਬੇਸ ਵਿੱਚ ਸ਼ਾਮਲ ਕੀਤੇ ਗਏ ਹਨ।
BBC ਦੀ ਰਿਪੋਰਟ ਅਨੁਸਰ ਯੂ.ਕੇ. ਦੇ ਖੋਜਕਰਤਾਵਾਂ ਅਤੇ UK Punjab Heritage Association ਦੇ ਵਲੰਟੀਅਰਾਂ ਨੇ ਲਾਹੌਰ ਮਿਊਜ਼ੀਅਮ ਵਿੱਚ ਸਾਂਭੇ ਹੋਏ ਪੰਜਾਬ ਦੇ ਇਤਿਹਾਸਕ ਰਜਿਸਟਰਾਂ ਦੀ ਕਈ ਸਾਲਾਂ ਤੱਕ ਡੂੰਘੀ ਖੋਜ ਕਰ ਕੇ ਇਹ ਨਾਮ ਲੱਭੇ ਹਨ। ਇਨ੍ਹਾਂ ਨਵੇਂ ਸ਼ਾਮਲ ਕੀਤੇ ਗਏ ਫ਼ੌਜੀਆਂ ਵਿੱਚੋਂ ਲਗਭਗ 40% ਮੁਸਲਮਾਨ, 25% ਸਿੱਖ ਅਤੇ 25% ਹਿੰਦੂ ਹਨ। ਬ੍ਰਿਟਿਸ਼ ਸਰਕਾਰ ਦੇ ਤਤਕਾਲੀ ਨਿਯਮਾਂ ਕਾਰਨ, ਜੰਗ ਦੇ ਮੈਦਾਨ ਤੋਂ ਦੂਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜਨ ਵਾਲੇ ਇਨ੍ਹਾਂ ਸੈਨਿਕਾਂ ਨੂੰ ਪਹਿਲਾਂ ‘ਵਾਰ ਗ੍ਰੇਵਜ਼’ ਦਾ ਦਰਜਾ ਨਹੀਂ ਦਿੱਤਾ ਗਿਆ ਸੀ, ਪਰ ਹੁਣ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ।

ਇਸ ਖੋਜ ਦੌਰਾਨ ਕਈ ਪਰਿਵਾਰਾਂ ਨੂੰ ਆਪਣੇ ਪੁਰਖਿਆਂ ਬਾਰੇ ਪਤਾ ਲੱਗਾ ਹੈ। ਲੈਸਟਰ ਦੇ Sunney Palahey ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੜਦਾਦਾ ਕੇਸਰ ਸਿੰਘ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਖੋਜਕਰਤਾ ਜਸਮੀਨ ਬਸਰਾ ਨੂੰ ਵੀ ਆਪਣੇ ਦੋ ਰਿਸ਼ਤੇਦਾਰਾਂ ਦੇ ਨਾਮ ਇਨ੍ਹਾਂ ਰਿਕਾਰਡਾਂ ਵਿੱਚ ਮਿਲੇ ਹਨ। CWGC ਅਨੁਸਾਰ, ਇਹ ਕਦਮ ਜੰਗ ਦੇ ਵਿਸ਼ਵਵਿਆਪੀ ਇਤਿਹਾਸ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਦੀ ਇੱਕ ਵੱਡੀ ਕੋਸ਼ਿਸ਼ ਹੈ।
