Auckland ਦੇ ਲੋਕਾਂ ਨੂੰ ਇਸ ਸਾਲ ਟੈਕਸਾਂ ਦਾ ਵੱਡਾ ਬੋਝ ਝੱਲਣਾ ਪਵੇਗਾ। Auckland Council ਨੇ Mayor Wayne Brown ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ਨੂੰ 14-7 ਦੇ ਬਹੁਮਤ ਨਾਲ ਪ੍ਰਵਾਨ ਕਰ ਲਿਆ ਹੈ। ਇਸ ਨਵੇਂ ਫੈਸਲੇ ਮੁਤਾਬਕ, ਸ਼ਹਿਰ ਦੇ ratepayers ਦੇ ਬਿੱਲਾਂ ਵਿੱਚ ਔਸਤਨ 7.9% ਦਾ ਵਾਧਾ ਦੇਖਣ ਨੂੰ ਮਿਲੇਗਾ। ਮਤਲਬ ਔਸਤਨ ਹਰ ਘਰ ਨੂੰ ਸਾਲਾਨਾ 320 ਡਾਲਰ ਵਾਧੂ ਅਦਾ ਕਰਨੇ ਪੈਣਗੇ। ਹਾਲਾਂਕਿ ਕੁਝ ਕੌਂਸਲਰਾਂ ਵੱਲੋਂ ਇਸ ਵਾਧੇ ਨੂੰ 5.9% ਤੱਕ ਸੀਮਤ ਰੱਖਣ ਲਈ ਖਰਚਿਆਂ ਵਿੱਚ ਹੋਰ ਕਟੌਤੀ ਦੀ ਮੰਗ ਕੀਤੀ ਗਈ ਸੀ, ਪਰ ਵਿੱਤੀ ਸੰਕਟ ਅਤੇ ਕੌਂਸਲ ਦੀ ਕ੍ਰੈਡਿਟ ਰੇਟਿੰਗ ਡਿੱਗਣ ਦੇ ਖ਼ਤਰੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।
ਇਸ ਬਜਟ ਦਾ ਮੁੱਖ ਉਦੇਸ਼ ਅਗਲੇ ਵਿੱਤੀ ਸਾਲ ਦੌਰਾਨ ਕੌਂਸਲ ਦੇ ਸੰਚਾਲਨ ਖਰਚਿਆਂ (operating costs) ਵਿੱਚ 106 ਮਿਲੀਅਨ ਡਾਲਰ ਦੀ ਵੱਡੀ ਕਟੌਤੀ ਕਰਨਾ ਹੈ। ਦੂਜੇ ਪਾਸੇ, ਸ਼ਹਿਰ ਦੇ ਅਹਿਮ ਪ੍ਰੋਜੈਕਟਾਂ ਲਈ ਫੰਡਿੰਗ ਜਾਰੀ ਰਹੇਗੀ, ਜਿਸ ਵਿੱਚ ਚਿਰ ਉਡੀਕਵੇਂ City Rail Link ਟ੍ਰੇਨ ਸਟੇਸ਼ਨਾਂ ਅਤੇ ਰੇਲ ਸੇਵਾਵਾਂ ਦੇ ਸੁਧਾਰ ਲਈ 235 ਮਿਲੀਅਨ ਡਾਲਰ ਰੱਖੇ ਗਏ ਹਨ।
ਇਸ ਤੋਂ ਇਲਾਵਾ, ਟਰਾਂਸਪੋਰਟ, ਪਾਣੀ ਦੇ ਬੁਨਿਆਦੀ ਢਾਂਚੇ (water infrastructure) ਅਤੇ ਹੜ੍ਹ ਰੋਕੂ ਪ੍ਰੋਗਰਾਮਾਂ ’ਤੇ 3.6 ਬਿਲੀਅਨ ਡਾਲਰ ਦਾ ਪੂੰਜੀਗਤ ਖਰਚਾ ਕੀਤਾ ਜਾਵੇਗਾ। ਕੌਂਸਲ ਵੱਲੋਂ ਜੂਨ ਦੇ ਅਖੀਰ ਵਿੱਚ ਇਸ ਬਜਟ ’ਤੇ ਅੰਤਿਮ ਮੋਹਰ ਲਗਾਈ ਜਾਵੇਗੀ, ਜਿਸ ਤੋਂ ਬਾਅਦ ਇਹ ਨਵੀਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ।
