ਔਕਲੈਂਡ : New Zealand First ਦੇ ਡਿਪਟੀ ਲੀਡਰ Shane Jones ਨੇ ਚੋਣ ਪ੍ਰਚਾਰ ਦੌਰਾਨ Bay of Plenty ਦੇ ਕੀਵੀ ਫ਼ਰੂਟ ਸੈਕਟਰ ’ਚ ਵਰਕਰਾਂ ਦੇ ਸ਼ੋਸ਼ਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। Lower Hutt ’ਚ ਇੱਕ ਚੋਣ ਮੀਟਿੰਗ ਦੌਰਾਨ ਉਨ੍ਹਾਂ ਨੇ ਇਸ ਉਦਯੋਗ ’ਚ ਚੱਲ ਰਹੇ ਹਾਲਾਤ ਨੂੰ ‘ਮੱਧਕਾਲੀ ਗੁਲਾਮੀ ਪ੍ਰਥਾਵਾਂ’ ਕਰਾਰ ਦਿੱਤਾ। ਉਨ੍ਹਾਂ ਇਸ ਮੁੱਦੇ ਨੂੰ ਇੰਡੀਅਨ ਇਮੀਗ੍ਰੇਸ਼ਨ ਅਤੇ ਨਿਊਜ਼ੀਲੈਂਡ ਤੇ ਇੰਡੀਆ ਵਿਚਕਾਰ Free Trade Agreement (FTA) ਦੇ ਆਪਣੇ ਵਿਰੋਧ ਨਾਲ ਜੋੜਿਆ ਹੈ।
Jones ਅਨੁਸਾਰ, ਵੱਡੇ ਪੱਧਰ ’ਤੇ ਹੋਈ ਬੇਰੋਕ ਇੰਡੀਅਨ ਇਮੀਗ੍ਰੇਸ਼ਨ ਕਾਰਨ ਬੇਈਮਾਨ ਠੇਕੇਦਾਰਾਂ ਨੂੰ ਵਰਕਰਾਂ ਦਾ ਸ਼ੋਸ਼ਣ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨਾਲ ਉਦਯੋਗ ਦਾ ਅਕਸ ਖ਼ਰਾਬ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ Zespri ਨਾਲ ਸਬੰਧਤ ਕਾਨੂੰਨਾਂ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਸ਼ੋਸ਼ਣ ’ਚ ਸ਼ਾਮਲ ਲੋਕਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇ। ਹਾਲ ਹੀ ’ਚ Employment Relations Authority ਵੱਲੋਂ NZ Dream Contracting Limited ਅਤੇ Indo Kiwi Horticulture ਵਰਗੀਆਂ ਕੰਪਨੀਆਂ ’ਤੇ ਇੰਡੀਅਨ ਵਰਕਰਾਂ ਤੋਂ ਗੈਰ-ਕਾਨੂੰਨੀ ਫੀਸਾਂ ਵਸੂਲਣ ਅਤੇ ਘੱਟ ਤਨਖਾਹ ਦੇਣ ਦੇ ਦੋਸ਼ਾਂ ਤਹਿਤ ਵੱਡੇ ਜੁਰਮਾਨੇ ਲਗਾਏ ਗਏ ਹਨ।
Shane Jones ਨੇ ਕਿਹਾ ਕਿ ਜੇਕਰ ਉਚਿਤ ਤਨਖਾਹ ਅਤੇ ਚੰਗੇ ਹਾਲਾਤ ਮਿਲਣ ਤਾਂ ਸਥਾਨਕ Kiwi ਨੌਜਵਾਨ ਕੰਮ ਕਰਨ ਲਈ ਤਿਆਰ ਹਨ, ਪਰ ਵੱਧ ਪ੍ਰਵਾਸ ਨੇ ਤਨਖਾਹਾਂ ਦਾ ਪੱਧਰ ਹੇਠਾਂ ਸੁੱਟ ਦਿੱਤਾ ਹੈ। New Zealand First ਨੇ ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਾਂਚ ਏਜੰਸੀਆਂ ਨੂੰ ਹੋਰ ਫੰਡ ਅਤੇ ਅਧਿਕਾਰ ਦੇਣ ਦੀ ਵਕਾਲਤ ਕੀਤੀ ਹੈ।
