ਔਕਲੈਂਡ : ਨਿਊਜ਼ੀਲੈਂਡ ਸਰਕਾਰ ਵੱਲੋਂ Skilled Migrant Category (SMC) ਰੈਜ਼ੀਡੈਂਟ ਵੀਜ਼ਾ ’ਚ ਕੀਤੇ ਗਏ ਵੱਡੇ ਬਦਲਾਵਾਂ ਤੋਂ ਬਾਅਦ ਮਾਸਟਰ ਡਿਗਰੀ ਪਾਸ ਵਿਦਿਆਰਥੀਆਂ ਲਈ ਪੱਕੇ ਹੋਣ (PR) ਦਾ ਰਸਤਾ ਕਾਫ਼ੀ ਤੇਜ਼ ਹੋ ਗਿਆ ਹੈ। ਨਵੇਂ ਨਿਯਮਾਂ ਮੁਤਾਬਕ, ਯੋਗ ਗਰੈਜੂਏਟ ਹੁਣ ਬਿਨਾਂ ਵਾਧੂ ਵਰਕ ਐਕਸਪੀਰੀਅੰਸ ਦੇ ਸਿੱਧੇ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਹਨ।
ਪਹਿਲਾਂ ਨਿਯਮਾਂ ਅਧੀਨ ਮਾਸਟਰ ਡਿਗਰੀ ਦੇ ਸਿਰਫ਼ 5 ਪੁਆਇੰਟ ਮਿਲਦੇ ਸਨ ਅਤੇ ਲੋੜੀਂਦੇ 6 ਪੁਆਇੰਟ ਪੂਰੇ ਕਰਨ ਲਈ 1 ਸਾਲ ਦਾ ਸਕਿੱਲਡ ਕੰਮ ਦਾ ਤਜਰਬਾ ਲਾਜ਼ਮੀ ਸੀ। ਹੁਣ ਨਿਊਜ਼ੀਲੈਂਡ ਤੋਂ ਕੀਤੀ ਮਾਨਤਾ ਪ੍ਰਾਪਤ ਮਾਸਟਰ ਡਿਗਰੀ ਦੇ ਆਧਾਰ ‘ਤੇ ਹੀ ਪੂਰੇ 6 ਪੁਆਇੰਟ ਮਿਲ ਜਾਣਗੇ। ਇਸ ਲਈ ਵਿਦਿਆਰਥੀ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਅਤੇ ਨਿਊਜ਼ੀਲੈਂਡ ’ਚ ਘੱਟੋ-ਘੱਟ 30 ਹਫ਼ਤਿਆਂ ਦੀ ਫੁੱਲ-ਟਾਈਮ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ।
ਹਾਲਾਂਕਿ, Immigration New Zealand ਦੇ ਵੀਜ਼ਾ ਡਾਇਰੈਕਟਰ Peter Elms ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਡਿਗਰੀ ਹੋਣਾ PR ਦੀ ਗਾਰੰਟੀ ਨਹੀਂ ਹੈ। ਬਿਨੈਕਾਰ ਕੋਲ Accredited Employer ਤੋਂ ਸਕਿੱਲਡ ਜੌਬ ਜਾਂ ਜੌਬ ਆਫ਼ਰ ਹੋਣਾ ਜ਼ਰੂਰੀ ਹੈ, ਜਿਸ ’ਚ ਆਮ ਤੌਰ ‘ਤੇ ANZSCO Skill Level 1–3 ਅਧੀਨ ਘੱਟੋ-ਘੱਟ 35 ਡਾਲਰ ਪ੍ਰਤੀ ਘੰਟਾ Wage Threshold ਮਿਲਣਾ ਚਾਹੀਦਾ ਹੈ।
RNZ ਦੀ ਰਿਪੋਰਟ ਅਨੁਸਾਰ ਜਿੱਥੇ ਇਸ ਫ਼ੈਸਲੇ ਨਾਲ Drake Ge ਵਰਗੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ Queen City Law ਦੇ Sonny Lam ਅਤੇ ਵਿਦਿਆਰਥੀ ਆਗੂ Colly Zhou ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਮੰਦੀ ’ਚ ਤੈਅਸ਼ੁਦਾ ਤਨਖ਼ਾਹ ਵਾਲੀ ਨੌਕਰੀ ਲੱਭਣਾ ਅਜੇ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
