ਔਕਲੈਂਡ : ਨਿਊਜ਼ੀਲੈਂਡ ਦੀ Employment Relations Authority (ERA) ਨੇ ਪੰਜਾਬੀ ਮੂਲ ਦੀ ਵਰਕਰ ਸਿਮਰਨ ਕੌਰ ਦੇ ਹੱਕ ’ਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਉਸ ਦੀ ਸਾਬਕਾ ਕੰਪਨੀ YK Foverage Limited (YKFL) ਨੂੰ ਕਰੀਬ 33,056 ਨਿਊਜ਼ੀਲੈਂਡ ਡਾਲਰ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।
ਸਿਮਰਨ ਕੌਰ ਦਸੰਬਰ 2021 ਤੋਂ ਮਾਰਚ 2023 ਤੱਕ Hamilton ਸਥਿਤ Mex it Up ਰੈਸਟੋਰੈਂਟ ’ਚ ਕੰਮ ਕਰਦੀ ਸੀ। ਉਸ ਨੇ ਕੰਪਨੀ ਦੀ ਡਾਇਰੈਕਟਰ ਕਮਲ ਚੱਢਾ ਅਤੇ ਸਾਬਕਾ ਡਾਇਰੈਕਟਰ ਪੂਨੀਤ ਕਾਲਿਆ ਖਿਲਾਫ ਗੰਭੀਰ ਸ਼ੋਸ਼ਣ ਦੇ ਦੋਸ਼ ਲਗਾਏ ਸਨ। Authority ਦੀ ਮੈਂਬਰ Sarah Kennedy-Martin ਦੀ ਜਾਂਚ ’ਚ ਸਾਹਮਣੇ ਆਇਆ ਕਿ ਪੁਨੀਤ ਕਾਲਿਆ ਨੇ ਸਿਮਰਨ ਕੌਰ ਨੂੰ ਆਪਣੇ ਸਾਥੀ ਖਿਲਾਫ ਸ਼ਿਕਾਇਤ ਕਰਨ ਲਈ ਮਜਬੂਰ ਕੀਤਾ ਅਤੇ ਅਜਿਹਾ ਨਾ ਕਰਨ ‘ਤੇ ਉਸਦਾ ਵੀਜ਼ਾ ਰੱਦ ਕਰਵਾ ਕੇ ਵਾਪਸ ਇੰਡੀਆ ਭੇਜਣ ਦੀ ਧਮਕੀ ਦਿੱਤੀ।
ਜ਼ਿਕਰਯੋਗ ਹੈ ਕਿ ਸਿਮਰਨ ਕੌਰ ਦੇ ਬਿਆਨ ਦੀ ਵਰਤੋਂ ਉਸ ਦੇ ਪਾਰਟਨਰ, ਹਰਮਨਪ੍ਰੀਤ ਸਿੰਘ ਨਾਲ ਜੁੜੇ ਇੱਕ ਪਿਛਲੇ ਰੁਜ਼ਗਾਰ ਵਿਵਾਦ ਵਿੱਚ ਕੀਤੀ ਗਈ ਸੀ, ਜਿਸ ਦੀ ਜੂਨ 2022 ਵਿੱਚ ਰੈਸਟੋਰੈਂਟ ਦੇ ਬਾਹਰ ਕਾਲੀਆ ਨਾਲ ਹੱਥੋਪਾਈ ਹੋਈ ਸੀ। ਹੁਣ, ਹਰਮਨਪ੍ਰੀਤ ਸਿੰਘ ਦੇ ਆਪਣਾ ਰੁਜ਼ਗਾਰ ਕੇਸ ਜਿੱਤਣ ਤੋਂ ਤਿੰਨ ਸਾਲ ਬਾਅਦ, ਸਿਮਰਨ ਕੌਰ ਨੇ ਉਸੇ ਕੰਪਨੀ, YK Foverage Limited, ਵਿਰੁੱਧ ਆਪਣੀ ਜਿੱਤ ਪ੍ਰਾਪਤ ਕੀਤੀ ਹੈ।
ਇਸ ਤੋਂ ਇਲਾਵਾ, ਸਿਮਰਨ ਕੌਰ ਤੋਂ ਬਿਨਾਂ ਕਿਸੇ ਹਫ਼ਤਾਵਾਰੀ ਛੁੱਟੀ ਦੇ ਲਗਾਤਾਰ 11-11 ਦਿਨ ਕੰਮ ਕਰਵਾਇਆ ਗਿਆ ਅਤੇ ਇੱਕ ਹਫ਼ਤੇ ’ਚ 88 ਘੰਟੇ ਤੱਕ ਡਿਊਟੀ ਲਈ ਗਈ। ਬੀਮਾਰ ਹੋਣ ’ਤੇ ਉਸ ਦੀਆਂ ਸ਼ਿਫਟਾਂ ਅਚਾਨਕ ਰੱਦ ਕਰ ਦਿੱਤੀਆਂ ਗਈਆਂ, ਸਲਾਨਾ ਛੁੱਟੀਆਂ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਅਸਤੀਫਾ ਦੇਣ ਮਗਰੋਂ ਉਸ ਦੀ ਅੰਤਿਮ ਤਨਖਾਹ ’ਚੋਂ ਗੈਰ-ਕਾਨੂੰਨੀ ਤੌਰ ’ਤੇ 5,088.06 ਡਾਲਰ ਕੱਟ ਲਏ ਗਏ। ਕੰਪਨੀ ਨੇ ਤਿੰਨ ਸਾਲਾਂ ਤੱਕ Crystal Payroll ਦੇ ਤਨਖਾਹ ਰਿਕਾਰਡ ਦੇਣ ’ਚ ਵੀ ਟਾਲ-ਮਟੋਲ ਕੀਤੀ।
27 ਅਕਤੂਬਰ ਨੂੰ ਸੁਣਾਏ ਫ਼ੈਸਲੇ ’ਚ ਅਥਾਰਟੀ ਨੇ YK Foverage Limited ਨੂੰ ਹੁਕਮ ਦਿੱਤਾ ਹੈ ਕਿ ਉਹ ਸਿਮਰਨ ਕੌਰ ਨੂੰ ਮਾਨਸਿਕ ਪ੍ਰੇਸ਼ਾਨੀ ਲਈ 20,000 ਡਾਲਰ ਮੁਆਵਜ਼ਾ, ਗੈਰ-ਕਾਨੂੰਨੀ ਕਟੌਤੀ ਦੇ 5,088.06 ਡਾਲਰ, ਰੱਦ ਕੀਤੀਆਂ ਸ਼ਿਫਟਾਂ ਦੇ 4,232 ਡਾਲਰ ਅਤੇ ਬੀਮਾਰੀ ਦੀ ਛੁੱਟੀ ਦੇ 736 ਡਾਲਰ ਵਿਆਜ ਸਮੇਤ ਅਦਾ ਕਰੇ। ਕਾਨੂੰਨਾਂ ਦੀ ਉਲੰਘਣਾ ਕਰਨ ‘ਤੇ ਕੰਪਨੀ ਨੂੰ 3,000 ਡਾਲਰ ਦਾ ਵੱਖਰਾ ਜੁਰਮਾਨਾ ਵੀ ਲਗਾਇਆ ਗਿਆ ਹੈ।
