- 90 ਫ਼ੀਸਦੀ ਅਰਜ਼ੀਆਂ ਪੁਰਾਣੀ ਤਰੀਕ ਦੇ ਆਧਾਰ ’ਤੇ ਚੁਣੀਆਂ ਜਾਣਗੀਆਂ
- EOI ਹੁਣ ਦੋ ਸਾਲ ਬਾਅਦ ਆਪਣੇ ਆਪ ਰੱਦ ਨਹੀਂ ਹੋਵੇਗੀ
ਔਕਲੈਂਡ : New Zealand’ਚ ਆਪਣੇ ਮਾਪਿਆਂ ਨੂੰ ਪੱਕੀ ਰਿਹਾਇਸ਼ ਦਿਵਾਉਣ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਅਹਿਮ ਖ਼ਬਰ ਹੈ। Immigration New Zealand ਵੱਲੋਂ Parent Resident Visa ਦੀਆਂ EOI ਅਰਜ਼ੀਆਂ ਦੀ ਚੋਣ ਲਈ ਨਵਾਂ ਹਾਈਬ੍ਰਿਡ ਮਾਡਲ ਲਾਗੂ ਕੀਤਾ ਗਿਆ ਹੈ। ਇਸ ਤਹਿਤ ਪਹਿਲੀ ਚੋਣ 10 ਨਵੰਬਰ 2026 ਨੂੰ ਹੋਵੇਗੀ।
ਨਵੇਂ ਮਾਡਲ ਤਹਿਤ 90 ਫ਼ੀਸਦੀ EOI ਅਰਜ਼ੀਆਂ ਪੁਰਾਣੀ ਜਮ੍ਹਾਂ ਕਰਵਾਉਣ ਦੀ ਤਰੀਕ ਅਨੁਸਾਰ ਚੁਣੀਆਂ ਜਾਣਗੀਆਂ, ਜਦਕਿ 10 ਫ਼ੀਸਦੀ ਅਰਜ਼ੀਆਂ ਦੀ ਚੋਣ ਰੈਂਡਮ ਬੈਲਟ ਰਾਹੀਂ ਹੋਵੇਗੀ।
ਇਮੀਗ੍ਰੇਸ਼ਨ ਵਿਭਾਗ ਨੇ 30 ਅਕਤੂਬਰ ਨੂੰ ਨਵੀਂ ਅਪਡੇਟ ਜਾਰੀ ਕਰਦਿਆਂ ਦੱਸਿਆ ਹੈ ਕਿ ਮੌਜੂਦਾ EOI ਧਾਰਕਾਂ ਨੂੰ ਉਨ੍ਹਾਂ ਦੀ Queue Position ਅਤੇ ਅੰਦਾਜ਼ਨ ਚੋਣ ਦੀ ਤਰੀਕ ਬਾਰੇ ਈਮੇਲ ਰਾਹੀਂ ਜਾਣਕਾਰੀ ਭੇਜ ਦਿੱਤੀ ਗਈ ਹੈ।
ਵਿਭਾਗ ਦੀ ਨਵੀਂ ਸਮਾਂ-ਸਾਰਣੀ ਮੁਤਾਬਕ ਅਕਤੂਬਰ 2022 ਤੋਂ ਜੂਨ 2023 ਦਰਮਿਆਨ ਜਮ੍ਹਾਂ ਹੋਈਆਂ ਅਰਜ਼ੀਆਂ ਨਵੰਬਰ 2026 ਦੀ ਚੋਣ ’ਚ ਵਿਚਾਰੀਆਂ ਜਾਣਗੀਆਂ। ਇਸ ਤੋਂ ਬਾਅਦ ਅਗਲੀਆਂ ਚੋਣਾਂ ਫਰਵਰੀ, ਮਈ ਅਤੇ ਅਗਸਤ ’ਚ ਹੋਣਗੀਆਂ।
ਇਸ ਨਵੇਂ ਸਿਸਟਮ ਤਹਿਤ ਸਾਲਾਨਾ 2,500 Parent Resident Visa ਦੇਣ ਦੀ ਸੀਮਾ ਬਰਕਰਾਰ ਰੱਖੀ ਗਈ ਹੈ।
ਇੱਕ ਹੋਰ ਅਹਿਮ ਤਬਦੀਲੀ ਤਹਿਤ EOI ਹੁਣ ਦੋ ਸਾਲ ਬਾਅਦ ਆਪਣੇ ਆਪ ਰੱਦ ਨਹੀਂ ਹੋਵੇਗੀ। ਹਾਲਾਂਕਿ ਬਿਨੈਕਾਰਾਂ ਨੂੰ ਹਰ ਦੋ ਸਾਲ ਬਾਅਦ ਛੇ ਮਹੀਨਿਆਂ ਦੇ ਅੰਦਰ ਆਪਣੀ ਦਿਲਚਸਪੀ ਦੀ ਪੁਸ਼ਟੀ ਕਰਨੀ ਪਵੇਗੀ।
ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ Queue ’ਚ ਦਿੱਤੀਆਂ ਚੋਣ ਦੀਆਂ ਤਰੀਕਾਂ ਅੰਦਾਜ਼ਨ ਹਨ ਅਤੇ ਹਰ ਚੋਣ ਤੋਂ ਬਾਅਦ ਇਨ੍ਹਾਂ ’ਚ ਤਬਦੀਲੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੋਈ ਵੀ EOI ਰੈਂਡਮ ਬੈਲਟ ਰਾਹੀਂ ਆਪਣੀ ਅੰਦਾਜ਼ਨ ਤਰੀਕ ਤੋਂ ਪਹਿਲਾਂ ਵੀ ਚੁਣੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ EOI ਚੁਣੇ ਜਾਣ ਦਾ ਮਤਲਬ PR ਵੀਜ਼ੇ ਦੀ ਗਾਰੰਟੀ ਨਹੀਂ ਹੈ। ਬਿਨੈਕਾਰਾਂ ਨੂੰ ਅਗਲੇ ਪੜਾਅ ’ਚ ਯੋਗਤਾ ਦੀ ਜਾਂਚ ਤੋਂ ਬਾਅਦ ਹੀ ਵੀਜ਼ਾ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ।
