ਕੈਲੀਫੋਰਨੀਆ ’ਚ ਸੌਂ ਰਹੀ ਮਹਿਲਾ ਯਾਤਰੀ ਨੂੰ ਅਗਵਾ ਕਰਨ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦੇ Uber ਡਰਾਈਵਰ ਨੇ ਕਬੂਲਿਆ ਜੁਰਮ

Sea7 Nz Team
2 Min Read

ਕੈਲੀਫੋਰਨੀਆ: ਸਾਊਥ ਕੈਲੀਫੋਰਨੀਆ ’ਚ ਇੱਕ Uber ਡਰਾਈਵਰ ਨੇ ਆਪਣੀ ਗੱਡੀ ’ਚ ਸੌਂ ਰਹੀ ਇੱਕ ਮਹਿਲਾ ਯਾਤਰੀ ਨੂੰ ਘਰ ਛੱਡਣ ਦੀ ਬਜਾਏ ਅਗਵਾ ਕਰਨ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। KTLA ਦੀ ਰਿਪੋਰਟ ਅਨੁਸਾਰ, Ventura County District Attorney’s Office ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

Bakersfield ਦੇ ਰਹਿਣ ਵਾਲੇ 36 ਸਾਲ ਦੇ ਸਿਮਰਨਜੀਤ ਸਿੰਘ ਸੇਖੋਂ ਨੇ 6 ਨਵੰਬਰ ਨੂੰ ਬਲਾਤਕਾਰ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਕਬੂਲ ਕੀਤੇ ਹਨ। ਇਹ ਘਟਨਾ 27 ਨਵੰਬਰ, 2025 ਨੂੰ ਸਵੇਰੇ ਕਰੀਬ 1 ਵਜੇ ਵਾਪਰੀ ਸੀ, ਜਦੋਂ ਸਿਮਰਨਜੀਤ ਸਿੰਘ ਸੇਖੋਂ ਨੇ Thousand Oaks ਦੇ ਇੱਕ ਬਾਰ ਦੇ ਬਾਹਰੋਂ ਮਹਿਲਾ ਨੂੰ Camarillo ਸਥਿਤ ਉਸ ਦੇ ਘਰ ਛੱਡਣ ਲਈ ਪਿੱਕ ਕੀਤਾ ਸੀ।

ਸਰਕਾਰੀ ਵਕੀਲਾਂ ਅਨੁਸਾਰ, ਮਹਿਲਾ ਨਸ਼ੇ ਦੀ ਹਾਲਤ ’ਚ ਸੀ ਅਤੇ ਸਫ਼ਰ ਦੌਰਾਨ ਗੱਡੀ ’ਚ ਹੀ ਸੌਂ ਗਈ। ਪਰ ਉਸ ਨੂੰ ਮੰਜ਼ਿਲ ‘ਤੇ ਉਤਾਰਨ ਦੀ ਬਜਾਏ, ਸਿਮਰਨਜੀਤ ਸਿੰਘ ਸੇਖੋਂ ਬੇਹੋਸ਼ੀ ਦੀ ਹਾਲਤ ’ਚ ਪਈ ਮਹਿਲਾ ਨੂੰ Camarillo ਦੇ ਆਲੇ-ਦੁਆਲੇ ਘੁਮਾਉਂਦਾ ਰਿਹਾ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਦੋਸ਼ੀ ਨੇ ਇਹ ਵੀ ਮੰਨਿਆ ਕਿ ਉਸ ਨੇ ਭਰੋਸੇ ਦੇ ਰਿਸ਼ਤੇ ਦਾ ਗਲਤ ਫਾਇਦਾ ਚੁੱਕਿਆ ਹੈ।

Senior Deputy District Attorney Twyla Atmore ਨੇ ਇੱਕ ਬਿਆਨ ’ਚ ਕਿਹਾ ਕਿ ਪੀੜਤਾ ਨੇ ਸੁਰੱਖਿਅਤ ਘਰ ਪਹੁੰਚਣ ਲਈ ਇੱਕ ਜ਼ਿੰਮੇਵਾਰ ਫੈਸਲਾ ਲੈਂਦੇ ਹੋਏ ਦੋਸ਼ੀ ’ਤੇ ਭਰੋਸਾ ਕੀਤਾ ਸੀ, ਪਰ ਦੋਸ਼ੀ ਨੇ ਉਸ ਦੀ ਕਮਜ਼ੋਰ ਹਾਲਤ ਦਾ ਨਾਜਾਇਜ਼ ਫਾਇਦਾ ਚੁੱਕਿਆ।

Ventura County Sheriff’s Office ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਿਮਰਨਜੀਤ ਸਿੰਘ ਸੇਖੋਂ ਨੂੰ 15 ਦਸੰਬਰ, 2025 ਨੂੰ Los Angeles County ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਹੈ ਅਤੇ 9 ਦਸੰਬਰ ਨੂੰ Ventura County Superior Court ’ਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਸਟੇਟ ਜੇਲ੍ਹ ’ਚ ਸੱਤ ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Share This Article
Leave a Comment

Leave a Reply

Your email address will not be published. Required fields are marked *