ਆਕਲੈਂਡ : ਇੰਡੀਆ ਨਾਲ ਮੁਕਤ ਵਪਾਰ ਸਮਝੌਤੇ (India FTA) ’ਤੇ ਨਿਊਜ਼ੀਲੈਂਡ ਦੇ ਸੱਤਾਧਾਰੀ coalition ’ਚ ਤਕਰਾਰ ਵਧਦਾ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ ਇੰਡੀਆ ਨਾਲ ਮੁਕਤ ਵਪਾਰ ਸਮਝੌਤੇ (India FTA) ਬਾਰੇ ਦਿੱਤੇ ਬਿਆਨਾਂ ਲਈ NZ First ਦੇ ਡਿਪਟੀ ਲੀਡਰ Shane Jones ਦੀ ਸਖ਼ਤ ਨਿਖੇਧੀ ਕੀਤੀ ਹੈ।
ਵੀਕੈਂਡ ’ਤੇ ਹੋਈ NZ First ਦੀ ਸਾਲਾਨਾ ਕਾਨਫਰੰਸ ਦੌਰਾਨ, Shane Jones ਨੇ ਇੰਡੀਆ ਨਾਲ ਵਪਾਰਕ ਸਮਝੌਤੇ ਦਾ ਸਮਰਥਨ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ‘ਰਾਸ਼ਟਰਵਾਦੀ’ ਹੈ ਅਤੇ ਨਿਊਜ਼ੀਲੈਂਡ ਦੇ ਹਿੱਤਾਂ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਇੰਡੀਆ ਤੋਂ ਆਏ ਮਾਈਗਰੈਂਟਸ ਅਤੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਦੌਰੇ ਦੌਰਾਨ ਦੂਜੀਆਂ ਸਿਆਸੀ ਪਾਰਟੀਆਂ ਦੇ ਵਤੀਰੇ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। Shane Jones ਨੇ ਕਿਹਾ ਸੀ ਕਿ ਉਹ ਨਿਊਜ਼ੀਲੈਂਡ ਵਿੱਚ ਇੰਡੀਅਨ ਮਾਈਗਰੇਸ਼ਨ ਦੇ ਖ਼ਿਲਾਫ਼ ‘ਹਰ ਦਿਨ, ਹਰ ਹਫ਼ਤੇ, ਹਰ ਮਹੀਨੇ’ ਆਵਾਜ਼ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ, ‘‘ਸਾਡੀ ਕੀਵੀਫਰੂਟ ਇੰਡਸਟਰੀ ਵਿੱਚ ਵਿਦੇਸ਼ੀਆਂ ਵੱਲੋਂ ਗੁਲਾਮਾਂ ਵਾਂਗ ਗੈਂਗ ਚਲਾਉਣਾ, ਕਦੇ ਟੈਕਸ ਨਾ ਦੇਣਾ, ਅਤੇ IRD (ਟੈਕਸ ਵਿਭਾਗ) ਦੇ Kaitaia ਦੇ GDP ਨਾਲੋਂ ਵੀ ਵੱਧ ਕਰਜ਼ਦਾਰ ਹੋਣਾ, ਸਾਡੀ ਕੀਵੀ (ਨਿਊਜ਼ੀਲੈਂਡ) ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੂੰ ਪਹਿਲੀ ਹੀ ਫਲਾਈਟ ’ਤੇ ਬਿਠਾ ਕੇ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿਓ।’’
ਇਸ ’ਤੇ ਪ੍ਰਤੀਕਿਰਿਆ ਦਿੰਦਿਆਂ Christopher Luxon ਨੇ Shane Jones ਦੇ ਬਿਆਨਾਂ ਨੂੰ ਬੇਹੱਦ ਘਟੀਆ ਅਤੇ ਗੈਰ-ਪੇਸ਼ੇਵਰ ਦੱਸਿਆ। Luxon ਨੇ ਕਿਹਾ ਕਿ ਉਨ੍ਹਾਂ ਨੂੰ India FTA ’ਤੇ ਮਾਣ ਹੈ ਅਤੇ ਉਨ੍ਹਾਂ ਨੇ NZ First ਦੇ ਰਵੱਈਏ ਨੂੰ ਪਖੰਡ ਕਰਾਰ ਦਿੱਤਾ, ਕਿਉਂਕਿ ਉਨ੍ਹਾਂ ਦੇ ਆਪਣੇ ਹੀ ਇੱਕ ਮੰਤਰੀ, Mark Patterson, ਇਸ ਵੇਲੇ ਇੰਡੀਆ ’ਚ ਨਿਊਜ਼ੀਲੈਂਡ ਦੀ ਉੱਨ (wool) ਵੇਚਣ ਲਈ ਪ੍ਰਚਾਰ ਕਰ ਰਹੇ ਹਨ।
ਇਸ ਦੇ ਨਾਲ ਹੀ, ਹਾਲੀਆ RNZ-Reid Research ਦੇ ਸਰਵੇਖਣ ਵਿੱਚ National Party ਦੀ ਲੋਕਪ੍ਰਿਅਤਾ ਵਿੱਚ ਆਈ ਗਿਰਾਵਟ ਨੂੰ ਖਾਰਜ ਕਰਦਿਆਂ Luxon ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਹੈ।
