ਔਕਲੈਂਡ : ਨਿਊਜ਼ੀਲੈਂਡ ਦੀ ਹਾਊਸਿੰਗ ਬਾਰੇ ਏਜੰਸੀ Kāinga Ora (KO) ਨੂੰ Employment Relations Authority (ERA) ਵੱਲੋਂ ਇੱਕ ਵੱਡਾ ਝਟਕਾ ਲੱਗਾ ਹੈ। ਅਥਾਰਟੀ ਨੇ ਪਾਇਆ ਹੈ ਕਿ KO ਨੇ ਆਪਣੇ ਇੱਕ ਵਰਕਰ, ਜਿਸ ਦੀ ਪਛਾਣ ਗੁਪਤ ਰੱਖਦਿਆਂ ਨਾਮ BMD ਦੱਸਿਆ ਗਿਆ ਹੈ, ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਸੀ। ਵੱਡੀਆਂ ਸੰਸਥਾਵਾਂ ਨੂੰ ਆਪਣੇ ਵਰਕਰਾਂ ਨਾਲ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਪੇਸ਼ ਆਉਣ ਦਾ ਸੰਦੇਸ਼ ਦਿੰਦਿਆਂ KO ਨੂੰ ਹਜ਼ਾਰਾਂ 43,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ।
ਇਹ ਮਾਮਲਾ KO ਦੀ C&I (Construction & Innovation) ਟੀਮ ਦੇ ਪੁਨਰਗਠਨ ਨਾਲ ਸਬੰਧਤ ਹੈ। ਸਰਕਾਰ ਵੱਲੋਂ ਹਾਊਸਿੰਗ ਟੀਚਿਆਂ ’ਚ 66% ਦੀ ਕਟੌਤੀ ਤੋਂ ਬਾਅਦ, KO ਨੇ 310 ਨੌਕਰੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਕੰਪਨੀ ਨੇ C&I ਮਾਡਲ ਨੂੰ ਪੂਰੀ ਤਰ੍ਹਾਂ ਖਤਮ ਕਰ ਕੇ ਸਿਰਫ਼ HDS (Housing Delivery System) ਮਾਡਲ ਨੂੰ ਅਪਣਾਉਣ ਦਾ ਫੈਸਲਾ ਲਿਆ। BMD ਨੇ ਦੋਸ਼ ਲਗਾਇਆ ਕਿ ਇਹ ਪ੍ਰਕਿਰਿਆ ਪਾਰਦਰਸ਼ੀ ਨਹੀਂ ਸੀ।
Employment Relations Authority ਨੇ ਜਾਂਚ ’ਚ ਪਾਇਆ ਕਿ KO ਦੀ ਪ੍ਰਕਿਰਿਆ ਸੱਚਮੁੱਚ ਨੁਕਸਦਾਰ ਸੀ। KO ਨੇ KPMG ਦੀਆਂ ਉਨ੍ਹਾਂ ਰਿਪੋਰਟਾਂ ਨੂੰ ਛੁਪਾਇਆ ਜੋ HDS ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀਆਂ ਸਨ। ਇਸ ਤੋਂ ਇਲਾਵਾ, ਨਵੀਂ ਨੌਕਰੀ (redeployment) ਦੀ ਪ੍ਰਕਿਰਿਆ ਦੌਰਾਨ BMD ਦੇ ਤਜ਼ਰਬੇ ਦੇ ਅੰਕਾਂ ਦਾ ਵੀ ਗਲਤ ਮੁਲਾਂਕਣ ਕੀਤਾ ਗਿਆ।
ਅਥਾਰਟੀ ਨੇ KO ਨੂੰ ਹੁਕਮ ਦਿੱਤਾ ਹੈ ਕਿ ਉਹ BMD ਨੂੰ ਨਾ ਦਿੱਤੀ ਗਈ ਤਨਖਾਹ (lost wages) ਵਜੋਂ 15,759 ਡਾਲਰ ਅਤੇ ਮਾਨਸਿਕ ਪਰੇਸ਼ਾਨੀ ਲਈ 28,000 ਡਾਲਰ ਦਾ ਮੁਆਵਜ਼ਾ ਅਦਾ ਕਰੇ। ਇਸ ਦੇ ਨਾਲ ਹੀ KO ’ਤੇ Crown ਨੂੰ ਦੇਣ ਲਈ 5,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
