ਔਕਲੈਂਡ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ’ਤੇ ਨਿਊਜ਼ੀਲੈਂਡ ਦੇ ਸਿੱਖਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਦੌਰਾਨ ਸਿੱਖਾਂ ਨੂੰ ਦਸਤਾਰ ਉਤਾਰਨ ਸਬੰਧੀ ਪਿਛਲੇ ਸਮੇਂ ਤੋਂ ਆ ਰਹੀ ਮੁਸ਼ਕਲ ਦਾ ਸਫਲ ਹੱਲ ਕੱਢਣ ਲਈ ਸਹਿਮਤੀ ਬਣ ਗਈ ਹੈ। ਇਹ ਅਹਿਮ ਫੈਸਲਾ New Zealand Central Sikh Association ਵੱਲੋਂ Aviation New Zealand ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਗਈ ਲਗਭਗ ਡੇਢ ਘੰਟੇ ਦੀ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ।
ਇਸ ਮੀਟਿੰਗ ਦੀ ਸ਼ੁਰੂਆਤ ਮਾਣਯੋਗ ਸੰਸਦ ਮੈਂਬਰ Rima Nakhle ਵੱਲੋਂ ਕੀਤੀ ਗਈ। ਇਸ ਦੌਰਾਨ Ethnic Communities Minister Mark Mitchell ਅਤੇ Aviation Minister Jeremy Meager ਵੀ ਫ਼ੋਨ ਰਾਹੀਂ ਲਗਾਤਾਰ ਸੰਪਰਕ ਵਿੱਚ ਰਹੇ ਅਤੇ ਮਸਲੇ ਦੇ ਹੱਲ ਵੱਲ ਵਧਣ ’ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਮੀਟਿੰਗ ਵਿੱਚ ਨਿਊਜ਼ੀਲੈਂਡ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਿਲਜੀਤ ਸਿੰਘ ਅਤੇ ਵਰਪਾਲ ਸਿੰਘ ਨੇ ਸਿੱਖ ਧਰਮ ਵਿੱਚ ਦਸਤਾਰ ਦੀ ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਯਾਤਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਲਿਖਤੀ ਸਬਮਿਸ਼ਨ ਪੇਸ਼ ਕੀਤੇ।
Aviation New Zealand ਦੇ ਅਧਿਕਾਰੀਆਂ ਨੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਭਰੋਸਾ ਦਿੱਤਾ ਕਿ ਨਵੀਆਂ ਸੁਰੱਖਿਆ ਜਾਂਚ ਮਸ਼ੀਨਾਂ ਲੱਗਣ ਕਾਰਨ ਪੈਦਾ ਹੋਈ ਇਸ ਸਮੱਸਿਆ ਨੂੰ ਤੁਰੰਤ ਖਤਮ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਨਵੀਂ ਨੀਤੀ ਜਲਦ ਲਾਗੂ ਹੋਵੇਗੀ। ਇਸ ਵਫ਼ਦ ਵਿੱਚ Rima Nakhle, ਦਿਲਜੀਤ ਸਿੰਘ, ਵਰਪਾਲ ਸਿੰਘ, ਬੇਅੰਤ ਸਿੰਘ ਜਡੌਰ, ਲਾਲੀ ਰਣਵੀਰ ਸਿੰਘ, ਕਰਮਜੀਤ ਸਿੰਘ ਤਲਵਾਰ, ਮਨਦੀਪ ਸਿੰਘ, ਰਾਣਾ ਜੱਜ ਅਤੇ ਤੇਜਵੀਰ ਸਿੰਘ ਸ਼ਾਮਲ ਸਨ।
ਅੰਤ ਵਿੱਚ ਪ੍ਰਧਾਨ ਦਿਲਜੀਤ ਸਿੰਘ ਨੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਨਵੀਂ ਨੀਤੀ ਨੂੰ ਲਾਗੂ ਹੋਣ ਵਿੱਚ ਇੱਕ-ਦੋ ਦਿਨ ਦਾ ਸਮਾਂ ਲੱਗ ਸਕਦਾ ਹੈ, ਇਸ ਲਈ ਉਦੋਂ ਤੱਕ ਸੰਗਤ ਏਅਰਪੋਰਟ ’ਤੇ ਕਿਸੇ ਵੀ ਤਰ੍ਹਾਂ ਦੀ ਬਹਿਸ ਜਾਂ ਟਕਰਾਅ ਤੋਂ ਗੁਰੇਜ਼ ਕਰੇ ਅਤੇ ਸਹਿਯੋਗ ਬਣਾਈ ਰੱਖੇ।
