ਵੈਲਿੰਗਟਨ: ਨਿਊਜ਼ੀਲੈਂਡ ’ਚ ਰਹਿਣ ਵਾਲੇ ਆਮ ਲੋਕਾਂ ਅਤੇ ਪ੍ਰਦੇਸੀ ਯਾਤਰੀਆਂ ਦੀ ਜੇਬ ’ਤੇ ਮਹਿੰਗਾਈ ਦੀ ਵੱਡੀ ਮਾਰ ਪਈ ਹੈ। Stats NZ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ ਤੱਕ ਦੇ ਇੱਕ ਸਾਲ ਵਿੱਚ ਲਗਭਗ ਹਰ ਖੇਤਰ ’ਚ ਕੀਮਤਾਂ ਦਾ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ।
ਦੇਸ਼ ’ਚ ਖਾਣ-ਪੀਣ ਦੀਆਂ ਕੀਮਤਾਂ ਵੀ ਸਾਲਾਨਾ 1.9% ਵਧੀਆਂ ਹਨ। ਇਸ ’ਚ ਸਭ ਤੋਂ ਵੱਡਾ ਯੋਗਦਾਨ ਰੈਸਟੋਰੈਂਟਾਂ ਅਤੇ ਤਿਆਰ ਭੋਜਨ ਦਾ ਰਿਹਾ, ਜਿਨ੍ਹਾਂ ’ਚ 3.2% ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੀਟ, ਪੋਲਟਰੀ ਅਤੇ ਮੱਛੀ ਦੀਆਂ ਕੀਮਤਾਂ ’ਚ 3.4% ਅਤੇ ਗਰੋਸਰੀ ਫੂਡ ’ਚ 1.7% ਦਾ ਵਾਧਾ ਹੋਇਆ ਹੈ। ਹਾਲਾਂਕਿ, ਫਲ ਅਤੇ ਸਬਜ਼ੀਆਂ 1.6% ਸਸਤੀਆਂ ਹੋਈਆਂ ਹਨ।
ਦੂਜੇ ਪਾਸੇ, ਇੰਟਰਨੈਸ਼ਨਲ ਏਅਰਫ਼ੇਅਰ ’ਚ 21.5% ਦਾ ਭਾਰੀ ਉਛਾਲ ਆਇਆ ਹੈ, ਜੋ ਅਪ੍ਰੈਲ 2023 ਤੋਂ ਬਾਅਦ ਦਾ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਜੁਲਾਈ ਅਤੇ ਅਗਸਤ ਦੇ ਵਿਚਕਾਰ ਹੀ ਕਿਰਾਏ 4.3% ਵਧੇ ਹਨ। Stats NZ ਦੇ ਅਧਿਕਾਰੀ Nicola Growden ਅਨੁਸਾਰ ਇਹ ਵਾਧਾ ਮੁੱਖ ਤੌਰ ’ਤੇ Europe ਅਤੇ Asia ਜਾਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋਣ ਕਾਰਨ ਹੋਇਆ ਹੈ। ਦੂਜੇ ਪਾਸੇ, ਘਰੇਲੂ ਹਵਾਈ ਸਫ਼ਰ ਅਗਸਤ ਦੌਰਾਨ 10.9% ਸਸਤਾ ਹੋਇਆ ਹੈ।
ਤੇਲ ਦੀਆਂ ਕੀਮਤਾਂ ਨੇ ਵੀ ਲੋਕਾਂ ਦਾ ਬਜਟ ਵਿਗਾੜਿਆ ਹੈ। ਪੈਟਰੋਲ ਸਾਲਾਨਾ 17.9% ਅਤੇ ਡੀਜ਼ਲ 45.8% ਮਹਿੰਗਾ ਹੋਇਆ ਹੈ। ASB Bank ਦੇ ਸੀਨੀਅਰ ਅਰਥਸ਼ਾਸਤਰੀ Mark Smith ਨੇ ਚਿਤਾਵਨੀ ਦਿੱਤੀ ਹੈ ਕਿ ਸਾਲ ਦੇ ਅੰਤ ਤੱਕ ਖਪਤਕਾਰ ਮੁੱਲ ਸੂਚਕ ਅੰਕ (CPI) ਮਹਿੰਗਾਈ 4.2% ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ Reserve Bank ਵੱਲੋਂ Official Cash Rate (OCR) ਉੱਚਾ ਰੱਖਣ ਦੇ ਆਸਾਰ ਹਨ।
