ਆਕਲੈਂਡ: ਨਿਊਜ਼ੀਲੈਂਡ ਦੀ Employment Relations Authority ਨੇ ਮਾਈਗਰੈਂਟ ਵਰਕਰਜ਼ ਦੇ ਗੰਭੀਰ ਸ਼ੋਸ਼ਣ ਦੇ ਇੱਕ ਮਾਮਲੇ ’ਚ ਆਕਲੈਂਡ ਦੀ ਇੱਕ ਕੰਪਨੀ ਨੂੰ ਸਖ਼ਤ ਸਜ਼ਾ ਸੁਣਾਈ ਹੈ। 7 Solutions Limited ਨਾਮ ਦੀ ਇੱਕ ਲਾਅਨ ਮੇਨਟੇਨੈਂਸ ਕੰਪਨੀ ’ਤੇ ਇੱਕ ਮਾਈਗਰੈਂਟ ਵਰਕਰ ਤੋਂ ਨੌਕਰੀ ਅਤੇ ਵਰਕ ਵੀਜ਼ਾ ਦਿਵਾਉਣ ਦੇ ਬਦਲੇ ਗੈਰ-ਕਾਨੂੰਨੀ ਢੰਗ ਨਾਲ 44,750 ਡਾਲਰ ਵਸੂਲਣ ਦਾ ਦੋਸ਼ ਸਾਬਤ ਹੋਇਆ ਹੈ। ਅਥਾਰਟੀ ਨੇ ਕੰਪਨੀ ਨੂੰ ਇਹ ਸਾਰੀ ਰਕਮ ਪੀੜਤ ਵਰਕਰ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ।
ਇਸ ਤੋਂ ਇਲਾਵਾ, ਕੰਪਨੀ ’ਤੇ 16,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੰਪਨੀ ਦੇ ਇਕਲੌਤੇ ਡਾਇਰੈਕਟਰ, ਕਮਲਜੀਤ ਸਿੰਘ, ਨੂੰ ਨਿੱਜੀ ਤੌਰ ’ਤੇ ਵਰਕਰ ਨੂੰ ਹੋਰ 8,000 ਡਾਲਰ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਗਏ ਹਨ। ਜੇਕਰ ਕੰਪਨੀ ਰਕਮ ਮੋੜਨ ’ਚ ਅਸਫਲ ਰਹਿੰਦੀ ਹੈ, ਤਾਂ ਕਮਲਜੀਤ ਸਿੰਘ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ।
Labour Inspectorate ਦੀ ਜਾਂਚ ਮੁਤਾਬਕ, ਇਹ ਵਰਕਰ ਅਗਸਤ 2023 ’ਚ India ਤੋਂ ਨਿਊਜ਼ੀਲੈਂਡ ਆਇਆ ਸੀ। ਅਥਾਰਟੀ ਦੇ ਮੈਂਬਰ Simon Greening ਨੇ ਸਪੱਸ਼ਟ ਕੀਤਾ ਕਿ Wages Protection Act 1983 ਦੇ ਤਹਿਤ ਨੌਕਰੀ ਦੇ ਬਦਲੇ ਕੋਈ ਵੀ ਰਕਮ ਜਾਂ ਪ੍ਰੀਮੀਅਮ ਲੈਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। Labour Inspectorate ਦੀ ਮੈਨੇਜਰ Katriona Ikenasio ਨੇ ਕਿਹਾ ਕਿ ਅਜਿਹਾ ਸ਼ੋਸ਼ਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ।
