ਨਿਊਜ਼ੀਲੈਂਡ ਦੇ Auckland ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਮੁਕੇਸ਼ ਪ੍ਰਸਾਦ ਨੇ ਆਪਣੀ 5 ਸਾਲ ਦੀ ਮਾਸੂਮ ਬੇਟੀ ਤੁਲਸੀ ਅਮੋਲਾ ਦਾ ਕਤਲ ਕਰ ਦਿੱਤਾ। ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਕਿ Prashad ਨੂੰ ਇਹ ਵਹਿਮ ਹੋ ਗਿਆ ਸੀ ਕਿ ਉਸ ਨੇ ਆਪਣੀ ਬੇਟੀ ਨੂੰ Herpes (ਇੱਕ ਲਾਗ ਦੀ ਬਿਮਾਰੀ) ਨਾਲ ਇਨਫ਼ੈਕਟ ਕਰ ਦਿੱਤਾ ਹੈ। ਇਸ ਭਿਆਨਕ ਘਟਨਾ ਦੇ ਵੇਰਵੇ ਅੱਜ ਪਹਿਲੀ ਵਾਰ ਜਨਤਕ ਕੀਤੇ ਗਏ ਹਨ, ਜਦੋਂ Auckland ਦੀ ਹਾਈ ਕੋਰਟ ਵਿੱਚ ਸਰਕਾਰੀ ਵਕੀਲਾਂ ਨੇ ਮੁਕੱਦਮੇ ਲਈ ਆਪਣੀ ਸ਼ੁਰੂਆਤੀ ਦਲੀਲ ਪੇਸ਼ ਕੀਤੀ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਭਵਿੱਖ ਦੇ ਦੁੱਖਾਂ ਅਤੇ ਸਮਾਜਿਕ ਨਮੋਸ਼ੀ ਤੋਂ ਬਚਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ 5 ਜਨਵਰੀ 2025 ਦੀ ਸ਼ਾਮ ਕਾਰ ਅੰਦਰ ਸਿਰਹਾਣੇ ਨਾਲ ਉਸ ਦਾ ਦਮ ਘੁੱਟ ਦਿੱਤਾ। ਤੁਲਸੀ ਦੇ ਆਖ਼ਰੀ ਸ਼ਬਦ, ‘‘ਪਾਪਾ ਨਹੀਂ, ਪਾਪਾ ਨਹੀਂ’’ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮੈਡੀਕਲ ਰਿਪੋਰਟਾਂ ਵਿੱਚ ਬੱਚੀ ਨੂੰ ਕੋਈ ਬਿਮਾਰੀ ਨਹੀਂ ਪਾਈ ਗਈ। ਉਸਦੇ ਸਰੀਰ ’ਤੇ ਨਿਸ਼ਾਨ ਸਿਰਫ ਕੀੜੇ ਦੇ ਕੱਟਣ ਦੇ ਸਨ।
ਕਤਲ ਤੋਂ ਬਾਅਦ ਅਗਲੇ ਦਿਨ ਸਵੇਰੇ Prashad ਖੁਦ ਲਾਸ਼ ਸਮੇਤ Manukau Police Station ਪਹੁੰਚ ਗਿਆ। ਜਿੱਥੇ ਉਸ ਨੇ ਆਪਣਾ ਗੁਨਾਹ ਕਬੂਲ ਲਿਆ, ਉੱਥੇ ਹੀ ਉਸ ਦੇ ਵਕੀਲ ਦਾ ਕਹਿਣਾ ਹੈ ਕਿ ਘਟਨਾ ਵੇਲੇ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ (Insane)। ਫਿਲਹਾਲ ਅਦਾਲਤ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਮੁਕੇਸ਼ ਪ੍ਰਸਾਦ ਅਤੇ ਉਸਦੀ ਪਤਨੀ ਦਾ ਵਿਆਹ ਭਾਰਤ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਉਹ ਨਿਊਜ਼ੀਲੈਂਡ ਆ ਕੇ ਵੱਸ ਗਏ ਸਨ। ਹਾਲਾਂਕਿ, ਬਾਅਦ ਵਿੱਚ ਮੁਕੇਸ਼ ਕੰਮ ਦੇ ਸਿਲਸਿਲੇ ਵਿੱਚ ਆਸਟ੍ਰੇਲੀਆ ਚਲਾ ਗਿਆ ਸੀ। ਜਦੋਂ ਉਹ ਆਸਟ੍ਰੇਲੀਆ ਵਿੱਚ ਸੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸਨੂੰ HPV virus ਹੈ, ਪਰ ਉਸ ਨੇ ਇਹ ਗੱਲ ਆਪਣੀ ਪਤਨੀ ਤੋਂ ਛੁਪਾ ਕੇ ਰੱਖੀ। ਉਹ 2024 ਦੇ ਅਖੀਰ ਵਿੱਚ ਕ੍ਰਿਸਮਸ ਮਨਾਉਣ ਅਤੇ ਆਪਣੇ ਪਰਿਵਾਰ ਨੂੰ ਮੈਲਬੌਰਨ (Australia) ਸ਼ਿਫਟ ਕਰਨ ਦੀ ਤਿਆਰੀ ਲਈ ਨਿਊਜ਼ੀਲੈਂਡ ਵਾਪਸ ਆਇਆ ਸੀ।
