ਆਕਲੈਂਡ: ਨਿਊਜ਼ੀਲੈਂਡ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡੇ ਮੈਥਾਮਫੇਟਾਮਾਈਨ (ਡਰੱਗ) ਤਸਕਰੀ ਮਾਮਲੇ ਦੇ ਮੁੱਖ ਮੁਲਜ਼ਮਾਂ, ਬਲਤੇਜ ਸਿੰਘ ਅਤੇ ਹਿੰਮਤਜੀਤ ਸਿੰਘ ਕਾਹਲੋਂ ਵੱਲੋਂ ਸਜ਼ਾਵਾਂ ਖ਼ਿਲਾਫ਼ ਅਪੀਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਦਾਲਤ ਨੇ ਦੋਹਾਂ ਦੀ 22 ਅਤੇ 21 ਸਾਲ ਦੀ ਕੈਦ ਦੇ ਨਾਲ-ਨਾਲ 10 ਸਾਲ ਦੀ ਲਾਜ਼ਮੀ ਗੈਰ-ਪੈਰੋਲ ਮਿਆਦ ਨੂੰ ਬਰਕਰਾਰ ਰੱਖਿਆ ਹੈ।
ਇਹ ਅੰਤਰਰਾਸ਼ਟਰੀ ਨੈੱਟਵਰਕ ਇੰਡੀਆ, ਕੈਨੇਡਾ ਅਤੇ ਅਮਰੀਕਾ ਤੋਂ ਨਿਊਜ਼ੀਲੈਂਡ ਵਿੱਚ ਨਸ਼ਿਆਂ ਦੀ ਸਪਲਾਈ ਕਰਦਾ ਸੀ। ਪੁਲਿਸ ਨੇ ਬੀਅਰ ਅਤੇ ਕੰਬੂਚਾ ਦੀਆਂ ਬੋਤਲਾਂ ਵਿੱਚ ਘੋਲ ਕੇ ਲਿਆਂਦੀ ਗਈ 741 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ ਸੀ। ਸਾਊਥ ਆਕਲੈਂਡ ਦੇ ਇੱਕ ਪ੍ਰਮੁੱਖ ਕਾਰੋਬਾਰੀ ਬਲਤੇਜ ਸਿੰਘ (ਜੋ ਕਿ 1984 ਵਿੱਚ ਇੰਡੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਰਹੇ ਸਤਵੰਤ ਸਿੰਘ ਦਾ ਭਤੀਜਾ ਹੈ) ਨੇ ਨਸ਼ਾ ਪ੍ਰੋਸੈਸਿੰਗ ਲਈ ਗੋਦਾਮ ਕਿਰਾਏ ’ਤੇ ਲਿਆ ਸੀ।
ਇਸ ਮਾਮਲੇ ਵਿੱਚ ਇੱਕ ਦਰਦਨਾਕ ਮੋੜ ਉਦੋਂ ਆਇਆ ਜਦੋਂ ਕਾਹਲੋਂ ਦੇ 21 ਸਾਲ ਦੇ ਸਹਿਕਰਮੀ Aiden Sagala ਦੀ ਮੌਤ ਹੋ ਗਈ। ਉਸ ਨੇ ਅਣਜਾਣੇ ਵਿੱਚ ਕਾਹਲੋਂ ਵੱਲੋਂ ਦਿੱਤੀ ਗਈ ‘ਹਨੀ ਬੀਅਰ’ ਦੀ ਕੈਨ ਪੀ ਲਈ ਸੀ, ਜਿਸ ਵਿੱਚ ਘਾਤਕ ਨਸ਼ਾ ਮਿਲਾਇਆ ਹੋਇਆ ਸੀ। ਇਸ ਕਾਰਨ ਕਾਹਲੋਂ ਨੂੰ ਗੈਰ-ਇਰਾਦਤਨ ਹੱਤਿਆ (Manslaughter) ਦਾ ਦੋਸ਼ੀ ਵੀ ਪਾਇਆ ਗਿਆ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਸਮਾਜ ਵਿੱਚ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਲਈ ਇੰਨੀ ਸਖ਼ਤ ਸਜ਼ਾ ਬੇਹੱਦ ਜ਼ਰੂਰੀ ਸੀ।
