ਔਕਲੈਂਡ : ਨਿਊਜ਼ੀਲੈਂਡ ’ਚ ਪੜ੍ਹ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਮਾਨਸਿਕ ਸਿਹਤ ਨੂੰ ਲੈ ਕੇ ਇੱਕ ਵੱਡੀ ਚਿੰਤਾ ਸਾਹਮਣੇ ਆਈ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਵਿਦੇਸ਼ੀ ਸਟੂਡੈਂਟਸ ਵੱਲੋਂ ਡਿਪਰੈਸ਼ਨ (depression) ਅਤੇ ਐਂਜ਼ਾਇਟੀ (anxiety) ਵਰਗੀਆਂ ਸਮੱਸਿਆਵਾਂ ਲਈ ਹਜ਼ਾਰਾਂ ਹੈਲਥ ਇੰਸ਼ੋਰੈਂਸ ਕਲੇਮ ਕੀਤੇ ਜਾ ਰਹੇ ਹਨ।
RNZ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ ਇੱਕ ਪ੍ਰਮੁੱਖ ਹੈਲਥ ਇੰਸ਼ੋਰੈਂਸ ਕੰਪਨੀ ਨੂੰ ਮਾਨਸਿਕ ਸਿਹਤ ਨਾਲ ਸਬੰਧਤ 6,500 ਦਾਅਵੇ ਮਿਲੇ, ਜੋ ਕਿ ਕੁੱਲ ਦਾਅਵਿਆਂ ਦਾ 9 ਪ੍ਰਤੀਸ਼ਤ ਸਨ। ISANA ਦੇ ਐਗਜ਼ੀਕਿਊਟਿਵ ਆਫਿਸਰ Chris Beard ਨੇ ਇਸ ਨੂੰ ਇੱਕ ਵੱਡਾ ‘ਰੈੱਡ ਫਲੈਗ’ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਲੋੜਾਂ ਸਥਾਨਕ ਸਟੂਡੈਂਟਸ ਨਾਲੋਂ ਵੱਖਰੀਆਂ ਹੁੰਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਸਿਰਫ਼ ਮਾਰਕੀਟਿੰਗ ’ਤੇ ਪੈਸਾ ਖਰਚਣ ਦੀ ਬਜਾਏ ਸਟੂਡੈਂਟਸ ਦੀ ਸਹਾਇਤਾ ਅਤੇ ਸਟਾਫ ਦੀ ਸਿਖਲਾਈ ਲਈ ਨਿਵੇਸ਼ ਕਰਨਾ ਚਾਹੀਦਾ ਹੈ।
Asian Family Services ਦੀ ਚੀਫ ਐਗਜ਼ੀਕਿਊਟਿਵ Kelly Feng ਅਨੁਸਾਰ, ਸਟੂਡੈਂਟਸ ਵਿੱਤੀ ਦਬਾਅ, ਇਕੱਲਤਾ ਅਤੇ ਪਰਿਵਾਰਕ ਉਮੀਦਾਂ ਕਾਰਨ ਭਾਰੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਮਦਦ ਲੈਣ ’ਚ ਦੇਰੀ ਕਰ ਦਿੰਦੇ ਹਨ। ਉਨ੍ਹਾਂ ਨੇ ਇੱਕ ਸੰਪੂਰਨ ਅਤੇ ਸੱਭਿਆਚਾਰਕ ਤੌਰ ‘ਤੇ ਢੁਕਵੀਂ ਸਹਾਇਤਾ ਪ੍ਰਣਾਲੀ ਦੀ ਮੰਗ ਕੀਤੀ ਹੈ।
ਦੂਜੇ ਪਾਸੇ, Education New Zealand ਦੇ ਚੀਫ ਐਗਜ਼ੀਕਿਊਟਿਵ David Downs ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਵੇਖਣਾਂ ’ਚ 90 ਪ੍ਰਤੀਸ਼ਤ ਸਟੂਡੈਂਟਸ ਨੇ ਆਪਣੇ ਤਜਰਬੇ ਨੂੰ ਸਕਾਰਾਤਮਕ ਦੱਸਿਆ ਹੈ ਅਤੇ ਡਾਟਾ ’ਚ ਮਾਨਸਿਕ ਸਿਹਤ ਖਰਾਬ ਹੋਣ ਦਾ ਕੋਈ ਵੱਡਾ ਰੁਝਾਨ ਨਹੀਂ ਦਿਖਿਆ।
ਹਾਲਾਂਕਿ, ਸਾਬਕਾ ਪ੍ਰੋਫੈਸਰ Colleen Ward ਨੇ ਸਪੱਸ਼ਟ ਕੀਤਾ ਕਿ ਇਹ ਸਰਵੇਖਣ ਸਿਰਫ਼ ਖਪਤਕਾਰਾਂ ਦੀ ਸੰਤੁਸ਼ਟੀ ਮਾਪਦੇ ਹਨ, ਨਾ ਕਿ ਸਟੂਡੈਂਟਸ ਦੀ ਅਸਲ ਮਾਨਸਿਕ ਸਿਹਤ। ਇੱਕ ਨਵੇਂ ਦੇਸ਼ ਅਤੇ ਸੱਭਿਆਚਾਰ ’ਚ ਜਾ ਕੇ ਪੜ੍ਹਨਾ ਸੁਭਾਵਿਕ ਤੌਰ ‘ਤੇ ਤਣਾਅਪੂਰਨ ਹੁੰਦਾ ਹੈ, ਜਿਸ ਲਈ ਢੁਕਵੇਂ ਧਿਆਨ ਅਤੇ ਸਹੀ ਮਾਰਗਦਰਸ਼ਨ ਦੀ ਸਖ਼ਤ ਲੋੜ ਹੈ।
