New Zealand ’ਚ ਹੁਣ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਦੇਖਦੇ ਹੋਏ Westpac ਤੈਅ ਕਰੇਗਾ Home Loan ਦੀ ਹੱਦ

Sea7 Nz Team
3 Min Read

ਆਕਲੈਂਡ: New Zealand ’ਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ Westpac ਬੈਂਕ ਨੇ Home Loan (ਮੌਰਗੇਜ) ਦੇ ਨਿਯਮਾਂ ’ਚ ਅਹਿਮ ਬਦਲਾਅ ਕੀਤਾ ਹੈ। Westpac ਦੇਸ਼ ਦਾ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜੋ ਕਰਜ਼ਾ ਦੇਣ ਸਮੇਂ ਜਲਵਾਯੂ ਪਰਿਵਰਤਨ ਦੇ ਖ਼ਤਰਿਆਂ ਨੂੰ ਸਿੱਧੇ ਤੌਰ ‘ਤੇ ਧਿਆਨ ’ਚ ਰੱਖੇਗਾ।

RNZ ਦੀ ਰਿਪੋਰਟ ਅਨੁਸਾਰ, ਬੈਂਕ ਦੀ ਮੈਨੇਜਿੰਗ ਡਾਇਰੈਕਟਰ Sarah Hearn ਨੇ ਸਪੱਸ਼ਟ ਕੀਤਾ ਕਿ ਬੈਂਕ ਸਿਰਫ਼ ਇਸ ਖ਼ਤਰੇ ਕਾਰਨ ਕਿਸੇ ਦੀ ਲੋਨ ਅਰਜ਼ੀ ਰੱਦ ਨਹੀਂ ਕਰੇਗਾ ਅਤੇ ਨਾ ਹੀ ਮੌਜੂਦਾ ਹੋਮ ਲੋਨ ਧਾਰਕਾਂ ’ਤੇ ਇਸ ਦਾ ਕੋਈ ਅਸਰ ਪਵੇਗਾ। ਇਸ ਤੋਂ ਇਲਾਵਾ, ਬੈਂਕ AA Insurance ਵਾਂਗ ਜੋਖਮ-ਅਧਾਰਤ ਕੀਮਤਾਂ (risk-based pricing) ਲਾਗੂ ਨਹੀਂ ਕਰ ਰਿਹਾ ਹੈ, ਜਿਸ ਨੇ ਹਾਲ ਹੀ ’ਚ ਹੜ੍ਹਾਂ ਦੇ ਖ਼ਤਰੇ ਕਾਰਨ Westport ’ਚ ਨਵੀਆਂ ਪਾਲਿਸੀਆਂ ਦੇਣੀਆਂ ਬੰਦ ਕਰ ਦਿੱਤੀਆਂ ਸਨ।

ਹਾਲਾਂਕਿ, ਕੰਜ਼ਿਊਮਰ ਲੈਂਡਿੰਗ ਦੀ ਮੁਖੀ Jo McGregor ਨੇ ਦੱਸਿਆ ਕਿ ਲਗਭਗ 2 ਫੀਸਦੀ ਮਾਮਲਿਆਂ ’ਚ ਬੈਂਕ ਲੋਨ ਦੀ ਰਕਮ ਜਾਂ ਸਮਾਂ ਸੀਮਾ ਘਟਾ ਸਕਦਾ ਹੈ। ਉਦਾਹਰਨ ਲਈ, ਸਮੁੰਦਰ ਕੰਢੇ ਖੁਰਨ ਵਾਲੇ ਇਲਾਕੇ ’ਚ ਘਰ ਲਈ 10 ਲੱਖ ਡਾਲਰ ਦੀ ਬਜਾਏ 8 ਲੱਖ ਡਾਲਰ ਦਾ ਲੋਨ, ਜਾਂ 30 ਸਾਲ ਦੀ ਬਜਾਏ 20-25 ਸਾਲ ਦੀ ਮਿਆਦ ਦਿੱਤੀ ਜਾ ਸਕਦੀ ਹੈ।

ਬੈਂਕ ਵੱਲੋਂ ClimSystems Powered by SLR ਦੇ ਸਹਿਯੋਗ ਨਾਲ ਘਰ ਖਰੀਦਣ ਵਾਲਿਆਂ ਨਾਲ ਪ੍ਰਾਪਰਟੀ ਦੇ ਹੜ੍ਹ, ਲੈਂਡਸਲਾਈਡ ਅਤੇ ਤੱਟਵਰਤੀ ਖੁਰਨ ਦੇ ਖ਼ਤਰਿਆਂ ਬਾਰੇ ਡਾਟਾ ਵੀ ਸਾਂਝਾ ਕੀਤਾ ਜਾਵੇਗਾ। ਜੇਕਰ ਕਿਸੇ ਘਰ ’ਚ ਸੁਰੱਖਿਆ ਲਈ ਰਿਟੇਨਿੰਗ ਵਾਲ ਜਾਂ ਵਾਧੂ ਡਰੇਨੇਜ ਵਰਗੇ ਪ੍ਰਬੰਧ ਕੀਤੇ ਗਏ ਹਨ, ਤਾਂ ਬੈਂਕ ਉਸ ਨੂੰ ਵੀ ਧਿਆਨ ’ਚ ਰੱਖੇਗਾ।

West Auckland is Flooding ਦੇ ਬੁਲਾਰੇ Lyall Carter, ਜਿਨ੍ਹਾਂ ਦਾ Ranui ਸਥਿਤ ਘਰ ਆਕਲੈਂਡ ਦੇ ਹੜ੍ਹਾਂ ਤੋਂ ਬਾਅਦ ਕੌਂਸਲ ਵੱਲੋਂ ਖਰੀਦ ਲਿਆ ਗਿਆ ਸੀ ਅਤੇ ਜੋ ਹੁਣ Muriwai ’ਚ ਰਹਿੰਦੇ ਹਨ, ਨੇ ਇਸ ਕਦਮ ਦਾ ਸਵਾਗਤ ਕੀਤਾ ਪਰ ਇੱਕ ਕੇਂਦਰੀ ਹਜ਼ਾਰਡ ਅਥਾਰਟੀ ਬਣਾਉਣ ਦੀ ਮੰਗ ਕੀਤੀ। ਉੱਥੇ ਹੀ Insurance Council ਦੇ ਸੀਈਓ Kris Faafoi ਨੇ ਮੰਤਰੀ Simon Watts ਵੱਲੋਂ National Adaptation Framework ’ਚ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲ ਕੇ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਬੀਮਾ ਦਰਾਂ ਆਮ ਲੋਕਾਂ ਦੀ ਪਹੁੰਚ ’ਚ ਰਹਿਣ।

Share This Article
Leave a Comment

Leave a Reply

Your email address will not be published. Required fields are marked *