New Zealand ’ਚ ਘਰ ਖਰੀਦਣ ਵਾਲਿਆਂ ਨੇ ਖਿੱਚੇ ਹੱਥ, ਅਕਤੂਬਰ ’ਚ ਪ੍ਰਾਪਰਟੀ ਦੀ ਸੇਲ 23.5% ਡਿੱਗੀ

Sea7 Nz Team
2 Min Read
  • ਲਗਾਤਾਰ ਪੰਜਵੇਂ ਮਹੀਨੇ ਡਿੱਗੀਆਂ ਘਰਾਂ ਦੀਆਂ ਕੀਮਤਾਂ
  • ਕੀਮਤਾਂ ’ਚ ਵੀ ਗਿਰਾਵਟ ਜਾਰੀ, Auckland ਤੋਂ Nelson ਤੱਕ ਮੰਦੀ ਦੀ ਮਾਰ
  • ਸਾਰੇ 16 ਖੇਤਰਾਂ ’ਚ ਵਿਕਰੀ ਘਟੀ, ਜਾਣੋ ਤਾਜ਼ਾ ਹਾਲਾਤ

ਔਕਲੈਂਡ : New Zealand ਦੇ ਹਾਊਸਿੰਗ ਮਾਰਕੀਟ ਲਈ ਅਕਤੂਬਰ ਦਾ ਮਹੀਨਾ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਆਰਥਿਕ ਵਿਸ਼ਲੇਸ਼ਣ ਸੰਸਥਾ Infometrics ਦੀ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ’ਚ ਘਰਾਂ ਦੀਆਂ ਕੀਮਤਾਂ ’ਚ ਲਗਾਤਾਰ ਪੰਜਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪ੍ਰਾਪਰਟੀ ਦੀ ਸੇਲ ’ਚ ਵੀ ਭਾਰੀ ਕਮੀ ਆਈ ਹੈ।

Real Estate Institute (REINZ) ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਅਕਤੂਬਰ ਮਹੀਨੇ ’ਚ ਦੇਸ਼ ਭਰ ’ਚ ਸਿਰਫ਼ 5,840 ਪ੍ਰਾਪਰਟੀਆਂ ਹੀ ਵਿਕੀਆਂ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 23.5% ਘੱਟ ਹਨ। ਇਸ ਦੇ ਨਾਲ ਹੀ ਘਰਾਂ ਦੀ ਰਾਸ਼ਟਰੀ ਔਸਤ ਕੀਮਤ (National Median Price) ਸਲਾਨਾ ਆਧਾਰ ‘ਤੇ 1.9% ਡਿੱਗ ਕੇ 760,000 ਡਾਲਰ ’ਤੇ ਆ ਗਈ ਹੈ।

Infometrics ਦੇ ਐਕਟਿੰਗ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਅਰਥਸ਼ਾਸਤਰੀ Gareth Kiernan ਨੇ ਅਕਤੂਬਰ ਨੂੰ ਹਾਊਸਿੰਗ ਮਾਰਕੀਟ ਲਈ ਇੱਕ “ਡਰਾਉਣਾ ਮਹੀਨਾ” ਕਰਾਰ ਦਿੱਤਾ ਹੈ। Gareth Kiernan ਅਨੁਸਾਰ, ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਚੋਣਾਂ ਤੋਂ ਪਹਿਲਾਂ ਦੇਸ਼ ’ਚ ਬਣੇ ਅਨਿਸ਼ਚਿਤਤਾ ਦੇ ਮਾਹੌਲ ਨੇ ਖਰੀਦਦਾਰਾਂ ਦੇ ਫੈਸਲਿਆਂ ‘ਤੇ ਡੂੰਘਾ ਅਸਰ ਪਾਇਆ ਹੈ। ਦਸੰਬਰ 2022 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਸਾਰੇ 16 ਖੇਤਰਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ’ਚ ਗਿਰਾਵਟ ਦੇਖੀ ਗਈ ਹੈ।

ਸੇਲ ’ਚ ਸਭ ਤੋਂ ਵੱਧ ਗਿਰਾਵਟ Nelson ’ਚ 40% ਅਤੇ Auckland ’ਚ 30% (ਸਲਾਨਾ ਆਧਾਰ ’ਤੇ) ਦਰਜ ਕੀਤੀ ਗਈ। Hawke’s Bay ਇਕਲੌਤਾ ਅਜਿਹਾ ਖੇਤਰ ਰਿਹਾ ਜਿੱਥੇ ਗਿਰਾਵਟ ਦੋਹਰੇ ਅੰਕਾਂ ’ਚ ਨਹੀਂ ਪਹੁੰਚੀ; ਇੱਥੇ ਸੇਲ ਸਿਰਫ਼ 4.4% ਘਟੀ।

North Island ਦੇ ਸਾਰੇ ਖੇਤਰਾਂ ’ਚ ਘਰਾਂ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ ਘੱਟ ਰਹੀਆਂ। ਦੂਜੇ ਪਾਸੇ, South Island ’ਚ Nelson ਅਤੇ West Coast ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ’ਚ ਸਲਾਨਾ ਆਧਾਰ ‘ਤੇ ਕੀਮਤਾਂ ’ਚ ਵਾਧਾ ਦੇਖਿਆ ਗਿਆ। ਮਾਹਿਰਾਂ ਅਨੁਸਾਰ, ਮੌਜੂਦਾ ਆਰਥਿਕ ਦਬਾਅ ਕਾਰਨ ਖਰੀਦਦਾਰ ਅਜੇ ਵੀ ਬਾਜ਼ਾਰ ’ਚ ਨਿਵੇਸ਼ ਕਰਨ ਤੋਂ ਗੁਰੇਜ਼ ਕਰ ਰਹੇ ਹਨ।

New Zealand

Share This Article
Leave a Comment

Leave a Reply

Your email address will not be published. Required fields are marked *