ਆਕਲੈਂਡ : ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਢੱਡਾ ਖੁਰਦ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਨਿਊਜ਼ੀਲੈਂਡ ਦੇ ਸਟਾਰ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਦੀ FIFA World Cup ਲਈ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਨਕੇ ਪਿੰਡ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਪੰਜਾਬ ’ਚ ਫੁੱਟਬਾਲ ਦੇ ਗੜ੍ਹ ਮੰਨੇ ਜਾਂਦੇ ਮਾਹਿਲਪੁਰ ਇਲਾਕੇ ਨਾਲ ਸਬੰਧਤ ਇਸ ਖਿਡਾਰੀ ਦੀ ਇਤਿਹਾਸਕ ਪ੍ਰਾਪਤੀ ’ਤੇ ਪੂਰੇ ਖੇਤਰ ਨੂੰ ਮਾਣ ਹੈ।
ਸਰਪ੍ਰੀਤ ਦੀ ਮਾਤਾ ਸਰਬਜੀਤ ਕੌਰ ਨੇ ਸਰਪ੍ਰੀਤ ਦੇ ਵਿਸ਼ਵ ਕੱਪ ਟੀਮ ’ਚ ਚੁਣੇ ਜਾਣ ਦੀ ਖੁਸ਼ੀ ਦੇ ਮੌਕੇ ’ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਅਤੇ ਪ੍ਰਸ਼ਾਦ ਵੰਡਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ 40 ਫੁੱਟਬਾਲ ਖਿਡਾਰੀਆਂ ਲਈ ਖੇਡ ਕਿੱਟਾਂ ਵੀ ਭੇਜੀਆਂ ਹਨ।
ਸਰਪ੍ਰੀਤ ਦਾ ਪਰਿਵਾਰ ਭਾਵੇਂ 35 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਵੱਸਿਆ ਸੀ ਅਤੇ ਉਨ੍ਹਾਂ ਦੇ ਪਿਤਾ ਦਾ ਸਬੰਧ Jalandhar ਨਾਲ ਹੈ, ਪਰ ਇਹ ਪਰਿਵਾਰ ਅੱਜ ਵੀ ਆਪਣੀ ਪੰਜਾਬੀ ਵਿਰਾਸਤ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ। ਖੇਡ ਮਾਹਰਾਂ ਅਨੁਸਾਰ, ਸਰਪ੍ਰੀਤ FIFA World Cup ਵਿੱਚ ਖੇਡਣ ਵਾਲੇ ਭਾਰਤੀ ਮੂਲ ਦੇ ਬਹੁਤ ਘੱਟ ਖਿਡਾਰੀਆਂ ਵਿੱਚੋਂ ਇੱਕ ਬਣ ਗਏ ਹਨ। ਇਹ ਪ੍ਰਾਪਤੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ, ਬਲਕਿ ਸਮੁੱਚੇ ਪੰਜਾਬ ਅਤੇ ਖੇਡ ਜਗਤ ਲਈ ਇੱਕ ਇਤਿਹਾਸਕ ਪਲ ਹੈ। ਪਿੰਡ ਵਾਸੀ ਹੁਣ ਆਪਣੇ ਇਸ ਪੁੱਤਰ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਮੰਚ ‘ਤੇ ਖੇਡਦਿਆਂ ਦੇਖਣ ਲਈ ਬੇਤਾਬ ਹਨ।
