ਔਕਲੈਂਡ : ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ’ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ (First Home Buyers) ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। Cotality ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਭਰ ’ਚ ਹੋਈ ਕੁੱਲ ਘਰਾਂ ਦੀ ਵਿਕਰੀ ’ਚੋਂ 29% ਹਿੱਸਾ First Home Buyers ਦਾ ਰਿਹਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
Cotality NZ ਦੇ ਖੋਜ ਮੁਖੀ Nick Goodall ਅਨੁਸਾਰ, ਵੱਡੇ ਸ਼ਹਿਰਾਂ ’ਚ ਇਹ ਰੁਝਾਨ ਹੋਰ ਵੀ ਮਜ਼ਬੂਤ ਹੈ। Auckland ’ਚ ਇਹ ਅੰਕੜਾ 30%, Wellington ’ਚ 37% ਅਤੇ Hutt ਖੇਤਰ ’ਚ ਲਗਭਗ 40% ਤੱਕ ਪਹੁੰਚ ਚੁੱਕਾ ਹੈ।
ਇਸ ਵਾਧੇ ਦਾ ਵੱਡਾ ਕਾਰਨ KiwiSaver ਫੰਡ ਬਣਿਆ ਹੈ। Financial Markets Authority (FMA) ਦੀ ਸਾਲਾਨਾ ਰਿਪੋਰਟ ਅਨੁਸਾਰ, ਮਾਰਚ ਤੱਕ ਦੇ ਇੱਕ ਸਾਲ ’ਚ 50,000 ਤੋਂ ਵੱਧ KiwiSaver ਮੈਂਬਰਾਂ ਨੇ ਘਰ ਖਰੀਦਣ ਲਈ ਰਿਕਾਰਡ 2.2 ਬਿਲੀਅਨ ਡਾਲਰ ਕਢਵਾਏ। FMA ਦੀ ਨਿਵੇਸ਼ ਪ੍ਰਬੰਧਨ ਮੁਖੀ Emelie Jensert ਨੇ ਦੱਸਿਆ ਕਿ ਨੌਜਵਾਨ ਲੰਬੇ ਸਮੇਂ ਤੋਂ ਇਸ ਸਕੀਮ ਦਾ ਹਿੱਸਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਖਾਤਿਆਂ ’ਚ ਚੰਗੀ ਰਕਮ ਜਮ੍ਹਾਂ ਸੀ।
ਇਸ ਤੋਂ ਇਲਾਵਾ, ਨਿਵੇਸ਼ਕਾਂ ਦੀ ਘੱਟ ਸਰਗਰਮੀ, loan-to-value ratio (LVR) ਨਿਯਮਾਂ ’ਚ ਢਿੱਲ ਅਤੇ ਘਟਦੀਆਂ ਕੀਮਤਾਂ ਨੇ ਨਵੇਂ ਖਰੀਦਦਾਰਾਂ ਨੂੰ ਵੱਡਾ ਫ਼ਾਇਦਾ ਪਹੁੰਚਾਇਆ ਹੈ। ਲਗਭਗ 50% ਖਰੀਦਦਾਰ 20% ਤੋਂ ਘੱਟ ਡਿਪਾਜ਼ਿਟ ਨਾਲ ਘਰ ਲੈਣ ’ਚ ਕਾਮਯਾਬ ਹੋ ਰਹੇ ਹਨ।
ਦੂਜੇ ਪਾਸੇ, QV House Price Index ਮੁਤਾਬਕ ਅਗਸਤ ਤੱਕ ਦੀ ਤਿਮਾਹੀ ਦੌਰਾਨ ਘਰਾਂ ਦੀਆਂ ਕੀਮਤਾਂ ’ਚ 1.9% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਔਸਤ ਕੀਮਤ 894,977 ਡਾਲਰ ਰਹਿ ਗਈ ਹੈ। ASB ਦੀ ਰਿਪੋਰਟ ਅਨੁਸਾਰ, 2021 ਦੇ ਉੱਚ ਪੱਧਰ ਦੀਆਂ ਕੀਮਤਾਂ 2029 ਦੇ ਅਖੀਰ ਤੱਕ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਨੌਜਵਾਨਾਂ ਲਈ ਇਹ ਖਰੀਦਦਾਰੀ ਦਾ ਸੁਨਹਿਰੀ ਮੌਕਾ ਸਾਬਤ ਹੋ ਰਿਹਾ ਹੈ।
