ਨਿਊਜ਼ੀਲੈਂਡ ’ਚ ਕਿਰਾਏਦਾਰਾਂ ਦੀਆਂ ਵਧੀਆਂ ਮੁਸ਼ਕਲਾਂ: ਲੰਬੇ ਸਮੇਂ ਬਾਅਦ ਫਿਰ ਵਧਣ ਲੱਗੇ ਘਰਾਂ ਦੇ ਰੈਂਟ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ’ਚ ਪਿਛਲੇ 12 ਤੋਂ 15 ਮਹੀਨਿਆਂ ਦੀ ਸਥਿਰਤਾ ਅਤੇ ਗਿਰਾਵਟ ਤੋਂ ਬਾਅਦ ਹੁਣ ਘਰਾਂ ਦੇ ਰੈਂਟ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਬਾਜ਼ਾਰ ’ਚ ਕਿਰਾਏ ਵਾਲੇ ਘਰਾਂ ਦੀ ਘਟਦੀ ਗਿਣਤੀ ਅਤੇ ਵਧਦੀ ਮੰਗ ਕਾਰਨ ਕਿਰਾਏਦਾਰਾਂ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਮੁੱਖ ਪ੍ਰਾਪਰਟੀ ਪਲੇਟਫਾਰਮ Realestate.co.nz ਅਤੇ Trade Me ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਦੇਸ਼ ਭਰ ’ਚ ਰੈਂਟ ’ਚ ਵਾਧਾ ਦਰਜ ਕੀਤਾ ਗਿਆ ਹੈ। Realestate.co.nz ਮੁਤਾਬਕ ਔਸਤ ਹਫ਼ਤਾਵਾਰੀ ਰੈਂਟ 1 ਫ਼ੀਸਦੀ ਵਧ ਕੇ 634 ਡਾਲਰ ਹੋ ਗਿਆ ਹੈ, ਜਦੋਂ ਕਿ Trade Me ਨੇ 2.5 ਫ਼ੀਸਦੀ ਵਾਧੇ ਨਾਲ ਇਸ ਨੂੰ 625 ਡਾਲਰ ਦੱਸਿਆ ਹੈ। Trade Me ਅਨੁਸਾਰ Auckland ’ਚ ਔਸਤ ਰੈਂਟ ਵਧ ਕੇ 660 ਡਾਲਰ ਪ੍ਰਤੀ ਹਫ਼ਤਾ ਪਹੁੰਚ ਗਿਆ ਹੈ, ਜੋ ਲਗਭਗ ਦੋ ਸਾਲਾਂ ’ਚ ਪਹਿਲਾ ਸਾਲਾਨਾ ਵਾਧਾ ਹੈ। ਇੱਥੇ ਰੈਂਟ ਦੇ ਘਰਾਂ ਦੀ ਮੰਗ ’ਚ 15 ਫ਼ੀਸਦੀ ਵਾਧਾ ਹੋਇਆ ਹੈ ਜਦਕਿ ਉਪਲਬਧ ਘਰਾਂ ਦੀ ਲਿਸਟਿੰਗ 7 ਫ਼ੀਸਦੀ ਘਟੀ ਹੈ।

Cotality ਦੇ ਮੁੱਖ ਅਰਥਸ਼ਾਸਤਰੀ Kelvin Davidson ਨੇ ਕਿਹਾ ਕਿ ਰੈਂਟ ਦਾ ਬਾਜ਼ਾਰ ਹੁਣ ਆਪਣੇ ਹੇਠਲੇ ਪੱਧਰ ਤੋਂ ਉੱਪਰ ਉੱਠ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਈਗ੍ਰੇਸ਼ਨ ’ਚ ਹਲਕੇ ਵਾਧੇ ਅਤੇ ਘਰਾਂ ਦੀ ਘੱਟ ਸਪਲਾਈ ਕਾਰਨ ਰੈਂਟ ਹੌਲੀ-ਹੌਲੀ ਉੱਪਰ ਜਾ ਰਹੇ ਹਨ, ਹਾਲਾਂਕਿ ਅਚਾਨਕ ਕਿਸੇ ਵੱਡੇ ਉਛਾਲ ਦੀ ਸੰਭਾਵਨਾ ਘੱਟ ਹੈ।

Realestate.co.nz ਦੀ CEO Sarah Wood ਅਨੁਸਾਰ, Central Otago/Lakes District 885 ਡਾਲਰ ਪ੍ਰਤੀ ਹਫ਼ਤੇ ਦੇ ਨਾਲ ਦੇਸ਼ ਦਾ ਸਭ ਤੋਂ ਮਹਿੰਗਾ ਖੇਤਰ ਰਿਹਾ। ਦੂਜੇ ਪਾਸੇ Wairarapa, Marlborough, Northland, Otago ਅਤੇ Hawke’s Bay ’ਚ ਰੈਂਟ ’ਚ ਹਲਕੀ ਗਿਰਾਵਟ ਦੇਖੀ ਗਈ।

Trade Me Property ਦੇ ਡਾਇਰੈਕਟਰ Gavin Lloyd ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ’ਚ ਟਾਊਨਹਾਊਸ ਅਤੇ ਅਪਾਰਟਮੈਂਟਸ ਦੀ ਮੰਗ ਸਭ ਤੋਂ ਵੱਧ ਹੈ, ਜਿੱਥੇ Wellington ’ਚ ਟਾਊਨਹਾਊਸ ਦਾ ਰੈਂਟ 7 ਫ਼ੀਸਦੀ ਤੋਂ ਵੱਧ ਚੜ੍ਹ ਕੇ 675 ਡਾਲਰ ਹੋ ਗਿਆ ਹੈ। ਉੱਧਰ Barfoot & Thompson ਦੇ ਜਨਰਲ ਮੈਨੇਜਰ Anil Anna ਅਨੁਸਾਰ ਸਤੰਬਰ ਦੇ ਉਛਾਲ ਤੋਂ ਬਾਅਦ ਅਕਤੂਬਰ ’ਚ Auckland ਦੇ ਰੈਂਟ ਦੇ ਬਾਜ਼ਾਰ ’ਚ ਗਤੀਵਿਧੀਆਂ ਕੁਝ ਸ਼ਾਂਤ ਰਹੀਆਂ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *