ਆਕਲੈਂਡ : ਨਿਊਜ਼ੀਲੈਂਡ ਦੇ Dunedin ਹਸਪਤਾਲ ਤੋਂ ਇੱਕ ਗੰਭੀਰ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਇੱਕ ਨਵਜਨਮੇ ਬੱਚੇ ਨੂੰ ਦਿੱਤੇ ਗਏ ਫਾਰਮੂਲਾ ਦੁੱਧ ਵਿੱਚ ਨਮਕ ਮਿਲਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬੱਚੇ ਨੇ ਦੁੱਧ ਦਾ ਕੁਝ ਹਿੱਸਾ ਪੀਣ ਤੋਂ ਬਾਅਦ ਹੋਰ ਪੀਣ ਤੋਂ ਇਨਕਾਰ ਕਰ ਦਿੱਤਾ। ਬੱਚੇ ਦੇ ਮਾਪਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਖ਼ੁਦ ਦੁੱਧ ਚੱਖਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਫਾਰਮੂਲਾ ਆਮ ਨਹੀਂ ਸੀ।
1News ਦੀ ਰਿਪੋਰਟ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਚੇ ਦੇ ਫਾਰਮੂਲਾ ਦੁੱਧ ਵਿੱਚ ਨਮਕ ਮਿਲਿਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਫਾਰਮੂਲਾ, ਉਸ ਦੇ ਪਾਊਡਰ ਅਤੇ ਹਸਪਤਾਲ ਦੇ ਤਰੀਕਾ-ਕਾਰ ਦੀ ਜਾਂਚ ਸ਼ੁਰੂ ਕੀਤੀ।
ਡਿਟੈਕਟਿਵ ਕਾਂਸਟੇਬਲ ਡੈਰਿਨ ਹੀਲੀ ਨੇ ਕਿਹਾ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਲਾਪਰਵਾਹੀ ਸੀ, ਗਲਤੀ ਸੀ ਜਾਂ ਜਾਣਬੁੱਝ ਕੇ ਕੀਤਾ ਗਿਆ ਕੰਮ।
ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਵਿੱਚ ਸਭ ਤੋਂ ਵੱਡੀ ਰਾਹਤ ਇਹ ਰਹੀ ਕਿ ਇਹ ਫਾਰਮੂਲਾ ਕਿਸੇ ਹੋਰ ਬੱਚੇ ਨੂੰ ਨਹੀਂ ਦਿੱਤਾ ਗਿਆ। ਹੁਣ ਤੱਕ ਕਿਸੇ ਹੋਰ ਬੱਚੇ ਦੇ ਪ੍ਰਭਾਵਿਤ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਹੈਲਥ ਨਿਊਜ਼ੀਲੈਂਡ ਦੇ ਸਦਰਨ ਗਰੁੱਪ ਡਾਇਰੈਕਟਰ ਕ੍ਰੇਗ ਐਸ਼ਟਨ ਨੇ ਦੱਸਿਆ ਕਿ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਅੰਦਰੂਨੀ ਜਾਂਚ ਪੂਰੀ ਹੋ ਚੁੱਕੀ ਹੈ, ਜਦਕਿ ਪੁਲਿਸ ਦੀ ਅਧਿਕਾਰਕ ਜਾਂਚ ਜਾਰੀ ਹੈ।
ਨਵਜਨਮੇ ਬੱਚੇ ਦੇ ਦੁੱਧ ਵਿੱਚ ਨਮਕ ਮਿਲਣ ਦੀ ਇਹ ਘਟਨਾ ਸਿਰਫ਼ ਇੱਕ ਗਲਤੀ ਨਹੀਂ, ਸਗੋਂ ਹਸਪਤਾਲ ਦੀ ਸੁਰੱਖਿਆ ਅਤੇ ਨਵਜਨਮੇ ਬੱਚਿਆਂ ਦੀ ਦੇਖਭਾਲ ’ਤੇ ਵੱਡਾ ਸਵਾਲ ਬਣ ਗਈ ਹੈ। ਹੁਣ ਪੂਰਾ ਨਿਊਜ਼ੀਲੈਂਡ ਇਸ ਗੱਲ ਦਾ ਜਵਾਬ ਮੰਗ ਰਿਹਾ ਹੈ ਕਿ ਆਖ਼ਿਰ ਇਹ ਹੋਇਆ ਕਿਵੇਂ।
