ਆਕਲੈਂਡ: ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਨਿਊਜ਼ੀਲੈਂਡ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਪਿਛਲੇ 40 ਸਾਲਾਂ ਵਿੱਚ ਕਿਸੇ ਇੰਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਅਧਿਕਾਰਤ ਨਿਊਜ਼ੀਲੈਂਡ ਯਾਤਰਾ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਦੀ ਅਗਵਾਈ ਵਿੱਚ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ (Strategic Partnership) ਵਿੱਚ ਬਦਲਣ ਦਾ ਵੱਡਾ ਐਲਾਨ ਕੀਤਾ ਹੈ। ਦੋਵਾਂ ਆਗੂਆਂ ਦੀ ਮੌਜੂਦਗੀ ਵਿੱਚ ਰੱਖਿਆ, ਖੇਡਾਂ, ਸੈਰ-ਸਪਾਟਾ ਅਤੇ ਆਫ਼ਤ ਪ੍ਰਬੰਧਨ ਸਮੇਤ ਕਈ ਅਹਿਮ ਖੇਤਰਾਂ ਵਿੱਚ ਸਮਝੌਤਿਆਂ (MoUs) ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਇਹ ਭਾਗੀਦਾਰੀ ਸਿਰਫ਼ ਵਪਾਰ ਅਤੇ ਸਭਿਆਚਾਰ ਤੱਕ ਸੀਮਿਤ ਨਹੀਂ ਰਹੇਗੀ। ਦੋਹਾਂ ਦੇਸ਼ਾਂ ਵਿਚਕਾਰ ਖੁਫ਼ੀਆ ਸੂਚਨਾ ਸਾਂਝੀ ਕਰਨ ਦਾ ਵੀ ਹੋਇਆ ਸਮਝੌਤਾ ਹੈ। ਕਿਉਂਕਿ ਨਿਊਜ਼ੀਲੈਂਡ ਫਾਈਵ ਆਈਜ਼ ਇੰਟੈਲੀਜੈਂਸ ਗਠਜੋੜ ਦਾ ਮੈਂਬਰ ਹੈ, ਇਸ ਸਮਝੌਤੇ ਨਾਲ ਇੰਡੀਆ ਨੂੰ ਫਾਈਵ ਆਈਜ਼ ਇੰਟੈਲੀਜੈਂਸ ਤਕ ਪਹੁੰਚ ਮਿਲ ਸਕਦੀ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਅਤੇ ਅਤਿਵਾਦ ਵਿਰੋਧੀ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਨੇਤਾਵਾਂ ਨੇ ਜ਼ੋਰ ਦਿੱਤਾ ਕਿ ਇਹ ਸਮਝੌਤੇ ਨਾ ਸਿਰਫ਼ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ, ਸਗੋਂ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਵਿੱਚ ਵੀ ਯੋਗਦਾਨ ਪਾਉਣਗੇ।
ਇਹੀ ਨਹੀਂ ਦੋਵੇਂ ਨੇਤਾਵਾਂ ਨੇ 2030 ਤੱਕ ਦੋ-ਤਰਫ਼ਾ ਵਪਾਰ ਨੂੰ ਦੁੱਗਣਾ ਕਰ ਕੇ 7 ਬਿਲੀਅਨ NZD ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਇਸ ਰੋਡਮੈਪ ਵਿੱਚ ਵਪਾਰ ਅਤੇ ਨਿਵੇਸ਼ ਦੇ ਨਾਲ-ਨਾਲ ਇੰਡੋ-ਪੈਸਿਫਿਕ ਸਮੁੰਦਰੀ ਸੁਰੱਖਿਆ ‘ਤੇ ਖਾਸ ਧਿਆਨ ਦਿੱਤਾ ਗਿਆ ਹੈ। ਦੋਵੇਂ ਦੇਸ਼ਾਂ ਦੀਆਂ ਰੱਖਿਆ ਫੌਜਾਂ ਵਿਚਕਾਰ Maritime Cooperation Arrangement ਵੀ ਤੈਅ ਕੀਤਾ ਗਿਆ ਹੈ।
ਲਕਸਨ ਨੇ ਕਿਹਾ, “ਨਿਊਜ਼ੀਲੈਂਡ ਦੀ ਖੁਸ਼ਹਾਲੀ ਅਤੇ ਸੁਰੱਖਿਆ ਇੱਕ ਸਥਿਰ ਇੰਡੋ-ਪੈਸਿਫਿਕ ’ਤੇ ਨਿਰਭਰ ਕਰਦੀ ਹੈ। ਇਸ ਲਈ ਅਸੀਂ ਸਮੁੰਦਰੀ ਸਹਿਯੋਗ ਵਧਾ ਰਹੇ ਹਾਂ।” ਦੋਵੇਂ ਪ੍ਰਧਾਨ ਮੰਤਰੀਆਂ ਨੇ ਨਿਯਮਿਤ ਦੌਰਿਆਂ ਅਤੇ ਮੀਟਿੰਗਾਂ ਦਾ ਵੀ ਐਲਾਨ ਕੀਤਾ, ਤਾਂ ਜੋ ਖੇਤਰੀ ਅਤੇ ਬਹੁਪੱਖੀ ਮੰਚਾਂ ‘ਤੇ ਸਾਂਝੇ ਵਿਚਾਰਾਂ ਨੂੰ ਅੱਗੇ ਵਧਾਇਆ ਜਾ ਸਕੇ।
ਇਸ ਰਣਨੀਤਕ ਦਿਸ਼ਾ ਦਾ ਮੁੱਖ ਕੇਂਦਰ ਪਹਿਲਾਂ ਤੋਂ ਐਲਾਨੇ ਗਏ ਨਿਊਜ਼ੀਲੈਂਡ-ਇੰਡੀਆ ਮੁਕਤ ਵਪਾਰ ਸਮਝੌਤੇ (Free Trade Agreement) ਨੂੰ ਲਾਗੂ ਕਰਨਾ ਹੈ। ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ, ਇਹ ਮੁਕਤ ਵਪਾਰ ਸਮਝੌਤਾ (FTA) ਨਿਊਜ਼ੀਲੈਂਡ ਤੋਂ ਭਾਰਤ ਹੋਣ ਵਾਲੀ 95% ਬਰਾਮਦ (exports) ‘ਤੇ ਟੈਰਿਫ (ਕਸਟਮ ਡਿਊਟੀ) ਨੂੰ ਘਟਾ ਦੇਵੇਗਾ ਜਾਂ ਖ਼ਤਮ ਕਰ ਦੇਵੇਗਾ। ਪਹਿਲੇ ਹੀ ਦਿਨ ਤੋਂ, 57% ਬਰਾਮਦ ਟੈਰਿਫ-ਮੁਕਤ (ਕਰ-ਮੁਕਤ) ਹੋ ਜਾਵੇਗੀ। PM Luxon ਵੱਲੋਂ ਇੰਡੀਆ ਵਿੱਚ USD 20 ਬਿਲੀਅਨ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਗਈ।
ਮੁੱਖ ਸਮਝੌਤੇ ਅਤੇ ਸਹਿਯੋਗ ਦੇ ਖੇਤਰ:
- ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਹਿਯੋਗ: ਇੰਡੀਆ ਦੇ ਰੱਖਿਆ ਮੰਤਰਾਲੇ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਾਲੇ ਹਿੰਦ-ਪ੍ਰਸ਼ਾਂਤ (Indo-Pacific) ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਸਹਿਯੋਗ (Maritime Cooperation) ਦੇ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਵੀ ਖੁਫੀਆ ਜਾਣਕਾਰੀ ਸਾਂਝੀ ਕਰਨ ’ਤੇ ਸਹਿਮਤੀ ਬਣੀ ਹੈ।
- ਡੇਅਰੀ ਅਤੇ ਪਸ਼ੂ ਪਾਲਣ: ਦੁਨੀਆ ਦੇ ਦੋ ਪ੍ਰਮੁੱਖ ਦੁੱਧ ਉਤਪਾਦਕ ਦੇਸ਼ ਹੋਣ ਦੇ ਨਾਤੇ, ਇੰਡੀਆ ਅਤੇ ਨਿਊਜ਼ੀਲੈਂਡ ਨੇ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਹੱਥ ਮਿਲਾਇਆ ਹੈ। ਨਿਊਜ਼ੀਲੈਂਡ ਦੀ ਇਸ ਖੇਤਰ ਵਿੱਚ ਮਹਾਰਤ ਦਾ ਫਾਇਦਾ ਇੰਡੀਆ ਦੇ ਤੇਜ਼ੀ ਨਾਲ ਵਧ ਰਹੇ ਡੇਅਰੀ ਉਦਯੋਗ ਨੂੰ ਮਿਲੇਗਾ।
- ਖੇਡਾਂ ਵਿੱਚ ਸਾਂਝੇਦਾਰੀ: ‘ਭਾਰਤ-ਨਿਊਜ਼ੀਲੈਂਡ ਜੁਆਇੰਟ ਐਕਸ਼ਨ ਪਲਾਨ ਆਨ ਸਪੋਰਟਸ’ ਤਹਿਤ ਦੋਵੇਂ ਦੇਸ਼ ਖੇਡ ਵਿਗਿਆਨ (Sports Science), ਸਪੋਰਟਸ ਮੈਡੀਸਨ ਅਤੇ ਐਥਲੀਟਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ-ਦੂਜੇ ਦੇ ਤਜ਼ਰਬਿਆਂ ਦਾ ਲਾਭ ਉਠਾਉਣਗੇ।
- ਸੈਰ-ਸਪਾਟਾ ਅਤੇ ਸੱਭਿਆਚਾਰ: ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਸੱਭਿਆਚਾਰਕ ਸਾਂਝ ਨੂੰ ਡੂੰਘਾ ਕਰਨ ਲਈ ਇੰਡੀਆ ਦੇ ਸੈਰ-ਸਪਾਟਾ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਬਿਜ਼ਨਸ, ਇਨੋਵੇਸ਼ਨ ਐਂਡ ਐਂਪਲਾਇਮੈਂਟ ਮੰਤਰਾਲੇ ਵਿਚਕਾਰ ਸਮਝੌਤਾ ਹੋਇਆ ਹੈ।
- ਆਫ਼ਤ ਪ੍ਰਬੰਧਨ (Disaster Management): ਇੰਡੀਆ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਅਤੇ ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵਿਚਕਾਰ ਵੀ ਆਫ਼ਤਾਂ ਨਾਲ ਨਜਿੱਠਣ ਲਈ ਇੱਕ ਅਹਿਮ ਸਮਝੌਤਾ ਹੋਇਆ ਹੈ।
ਇਹ ਇਤਿਹਾਸਕ ਫੈਸਲੇ ਅਤੇ ਸਮਝੌਤੇ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨਗੇ, ਬਲਕਿ ਹਿੰਦ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ਸ਼ਾਂਤੀ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਉਣਗੇ।
ਇਸ ਤੋਂ ਪਹਿਲਾਂ ਸਵੇਰੇ, ਨਰਿੰਦਰ ਮੋਦੀ ਦਾ ਆਕਲੈਂਡ ਦੇ Government House ਵਿਖੇ ਪੋਵਿਰੀ (pōwhiri) ਪਰੰਪਰਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ Narendra Modi ਨੂੰ ਗਲੇ ਲਗਾ ਕੇ ਅਤੇ ਹੱਥ ਮਿਲਾ ਕੇ ਜੀ ਆਇਆਂ ਨੂੰ ਆਖਿਆ। ਰਸਮੀ ਦੁਵੱਲੀ ਬੈਠਕ (Bilateral Meeting) ਤੋਂ ਪਹਿਲਾਂ ਦੋਵਾਂ ਆਗੂਆਂ ਨੇ ਜਨਤਕ ਤੌਰ ‘ਤੇ ਗੱਲਬਾਤ ਕੀਤੀ।

Christopher Luxon ਨੇ ਨਰਿੰਦਰ ਮੋਦੀ ਦੀ ਇਸ ਯਾਤਰਾ ਨੂੰ ‘ਸੱਚਮੁੱਚ ਇਤਿਹਾਸਕ’ ਦੱਸਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਕਾਫੀ ਗੁੰਝਲਦਾਰ ਦੌਰ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਨੇ ਇਸ ਯਾਤਰਾ ਨੂੰ NZ-India ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ।
ਨਰਿੰਦਰ ਮੋਦੀ ਬੀਤੀ ਰਾਤ Auckland Airport ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ Christopher Luxon ਨੇ ਖ਼ੁਦ ਪਹੁੰਚ ਕੇ ਸਵਾਗਤ ਕੀਤਾ ਸੀ। ਮੋਦੀ ਦੀ 24 ਘੰਟਿਆਂ ਦੀ ਨਿਊਜ਼ੀਲੈਂਡ ਯਾਤਰਾ ਦੌਰਾਨ ਆਕਲੈਂਡ ਦੇ Spark Arena ਵਿੱਚ ਹੋਣ ਵਾਲੇ ਇੱਕ ਵੱਡੇ ਸਮਾਗਮ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਹ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹਾਲ ਹੀ ਵਿੱਚ ਹੋਏ ਮੁਕਤ ਵਪਾਰ ਸਮਝੌਤੇ (Free Trade Agreement) ਦਾ ਜਸ਼ਨ ਮਨਾਉਣਗੇ।
ਇਸ ਇਤਿਹਾਸਕ ਦੌਰੇ ਨੂੰ ਲੈ ਕੇ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
