ਔਕਲੈਂਡ : ਚੋਣਾਂ ਤੋਂ ਠੀਕ ਪਹਿਲਾਂ Reserve Bank of New Zealand (RBNZ) ਨੇ ਬਾਜ਼ਾਰ ਦੀਆਂ ਉਮੀਦਾਂ ਦੇ ਉਲਟ ਇੱਕ ਵੱਡਾ ਅਤੇ ਹੈਰਾਨੀਜਨਕ ਫੈਸਲਾ ਲੈਂਦਿਆਂ Official Cash Rate (OCR) ਨੂੰ 2.75% ’ਤੇ ਸਥਿਰ ਰੱਖਿਆ ਹੈ। ਇਸ ਸਾਲ ਵਿਆਜ ਰੇਟ ’ਚ ਤੀਜੇ ਵਾਧੇ ਦੀ ਪੂਰੀ ਉਮੀਦ ਕੀਤੀ ਜਾ ਰਹੀ ਸੀ, ਜਿਸ ਕਾਰਨ ਬੈਂਕ ਦੇ ਇਸ ਅਚਾਨਕ ਲਏ ਗਏ ਫੈਸਲੇ ਤੋਂ ਬਾਅਦ ਨਿਊਜ਼ੀਲੈਂਡ ਡਾਲਰ ’ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਥੋਕ ਵਿਆਜ ਰੇਟ ’ਚ ਵੀ ਫਿਲਹਾਲ ਨਰਮੀ ਆਈ ਹੈ।
ਕੇਂਦਰੀ ਬੈਂਕ ਦੇ ਇਸ ਕਦਮ ਨਾਲ ਦੇਸ਼ ਦੇ ਅਰਥਸ਼ਾਸਤਰੀ ਹੱਕੇ-ਬੱਕੇ ਰਹਿ ਗਏ ਹਨ ਅਤੇ ਉਨ੍ਹਾਂ ਨੇ RBNZ ਦੇ ਇਸ ਫੈਸਲੇ ’ਤੇ ਸਵਾਲ ਚੁੱਕਦਿਆਂ ਭਵਿੱਖ ’ਚ ਮਹਿੰਗਾਈ ਦੇ ਵਧਣ ਦਾ ਗੰਭੀਰ ਖਦਸ਼ਾ ਜਤਾਇਆ ਹੈ। ਸੁਤੰਤਰ ਅਰਥਸ਼ਾਸਤਰੀ Tony Alexander ਅਨੁਸਾਰ, ਨਿਊਜ਼ੀਲੈਂਡ ਦੀ ਮੌਜੂਦਾ ਮਹਿੰਗਾਈ ਦਰ 3.7% ਹੈ (ਜੋ ਬੈਂਕ ਦੇ 1% ਤੋਂ 3% ਦੇ ਟੀਚੇ ਤੋਂ ਬਾਹਰ ਹੈ) ਅਤੇ ਮਿਡਲ ਈਸਟ ’ਚ ਅਮਰੀਕਾ ਦੇ ਦਖਲ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਅਗਲੇ ਤਿੰਨ ਮਹੀਨਿਆਂ ’ਚ ਇਹ 4.5% ਤੋਂ ਉੱਪਰ ਜਾ ਸਕਦੀ ਹੈ।
ਇਸ ਤੋਂ ਇਲਾਵਾ, ANZ ਦੇ ਸਰਵੇਖਣ ਮੁਤਾਬਕ 48% ਕਾਰੋਬਾਰੀ ਆਪਣੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੇ ਹਨ। AI ਬੂਮ ਕਾਰਨ ਕੰਪਿਊਟਰ ਚਿਪਸ, ਇਲੈਕਟ੍ਰਾਨਿਕਸ, ਬਿਜਲੀ ਅਤੇ ਉਸਾਰੀ ਦੀ ਲਾਗਤ ਵਧਣ ਦੇ ਨਾਲ-ਨਾਲ El Niño ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਵੀ ਖਤਰਾ ਹੈ। ਆਰਥਿਕ ਵਿਕਾਸ ਦਰ ਦਾ 3% ਵੱਲ ਵਧਣਾ ਅਤੇ ਬੇਰੁਜ਼ਗਾਰੀ ਦਰ ਦਾ 5.6% ਤੋਂ 4% ਵੱਲ ਡਿੱਗਣਾ ਵੀ ਮਹਿੰਗਾਈ ਨੂੰ ਹੋਰ ਹਵਾ ਦੇਵੇਗਾ।
BNZ ਦੇ ਖੋਜ ਮੁਖੀ Stephen Toplis ਨੇ ਆਪਣੇ ਪ੍ਰਤੀਕਰਮ ’ਚ ਕਿਹਾ ਕਿ ਉਹ ਬੈਂਕ ਦੇ ਇਸ ਫ਼ੈਸਲੇ ਤੋਂ ਬਹੁਤ ਜ਼ਿਆਦਾ ਹੈਰਾਨ ਹਨ। ਉਨ੍ਹਾਂ ਮੁਤਾਬਕ, ਭਾਵੇਂ ਕੇਂਦਰੀ ਬੈਂਕ ਬਾਜ਼ਾਰ ਦੀਆਂ ਉਮੀਦਾਂ ਮੁਤਾਬਕ ਚੱਲਣ ਲਈ ਪਾਬੰਦ ਨਹੀਂ ਹੁੰਦੇ, ਪਰ ਮਾਰਕੀਟ ਦੇ ਰੁਝਾਨਾਂ ਦੇ ਬਿਲਕੁਲ ਉਲਟ ਜਾਣਾ ਬਹੁਤ ਦੁਰਲੱਭ ਹੈ। ਇਸ ਫ਼ੈਸਲੇ ਨਾਲ ਨਿਊਜ਼ੀਲੈਂਡ ਡਾਲਰ ਹੋਰ ਕਮਜ਼ੋਰ ਹੋਵੇਗਾ, ਜਿਸ ਨਾਲ ਮਹਿੰਗਾਈ ਦਾ ਦਬਾਅ ਤੁਰੰਤ ਵੱਧ ਜਾਵੇਗਾ।
ਇਸੇ ਤਰ੍ਹਾਂ, ASB ਦੇ ਸੀਨੀਅਰ ਅਰਥਸ਼ਾਸਤਰੀ Mark Smith ਨੇ ਵੀ ਆਰਬੀਆਈ ਦੀ ਇਸ ਨੀਤੀ ’ਤੇ ਅਸੰਤੁਸ਼ਟੀ ਜਤਾਈ ਹੈ। ਉਨ੍ਹਾਂ ਅਨੁਸਾਰ ਸਾਲ 2027 ਦੌਰਾਨ ਮਹਿੰਗਾਈ ਦੇ ਹੌਲੀ ਘਟਣ ਦੇ ਆਸਾਰ ਹਨ, ਜਿਸ ਨਾਲ ਕੇਂਦਰੀ ਬੈਂਕ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਅਨੁਸਾਰ ਆਰਥਿਕ ਸਥਿਰਤਾ ਨੂੰ ਬਣਾਈ ਰੱਖਣ ਲਈ ਵਿਆਜ ਦਰਾਂ ’ਚ ਅੱਗੇ ਹੋਰ ਵਾਧਾ ਕਰਨ ਦੀ ਲੋੜ ਪੈ ਸਕਦੀ ਹੈ।
ਕੇਂਦਰੀ ਬੈਂਕ ਦੇ ਇਸ ਕਦਮ ਨੇ ਆਰਥਿਕ ਹਲਕਿਆਂ ’ਚ ਨਵੀਂ ਬਹਿਸ ਛੇੜ ਦਿੱਤੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਮਹਿੰਗਾਈ ਨੂੰ ਕਾਬੂ ’ਚ ਨਹੀਂ ਰੱਖਿਆ ਗਿਆ, ਤਾਂ ਆਉਣ ਵਾਲੇ ਸਮੇਂ ’ਚ ਆਮ ਲੋਕਾਂ ਅਤੇ ਵਪਾਰਕ ਖੇਤਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਮਾਹਿਰਾਂ ਨੇ ਕੇਂਦਰੀ ਬੈਂਕ ਨੂੰ ਅਪੀਲ ਕੀਤੀ ਹੈ ਕਿ ਉਹ ਭਵਿੱਖ ਦੀਆਂ ਰਣਨੀਤੀਆਂ ਤਿਆਰ ਕਰਦੇ ਸਮੇਂ ਇਨ੍ਹਾਂ ਜੋਖਮਾਂ ਨੂੰ ਗੰਭੀਰਤਾ ਨਾਲ ਵਿਚਾਰੇ।
ਜ਼ਿਕਰਯੋਗ ਹੈ ਕਿ Monetary Policy Committee ਦੇ ਚਾਰ ਮੈਂਬਰਾਂ ਨੇ ਦਰਾਂ ਨੂੰ 2.75% ‘ਤੇ ਰੱਖਣ ਅਤੇ ਤਿੰਨ ਨੇ ਇਸ ਨੂੰ 3% ਕਰਨ ਦੇ ਹੱਕ ’ਚ ਵੋਟ ਪਾਈ। Tony Alexander ਦਾ ਮੰਨਣਾ ਹੈ ਕਿ 9 ਦਸੰਬਰ 2026 ਨੂੰ ਹੋਣ ਵਾਲੀ ਅਗਲੀ ਸਮੀਖਿਆ ’ਚ ਵਿਆਜ ਦਰਾਂ ਵਧਣ ਦੀ ਪੂਰੀ ਸੰਭਾਵਨਾ ਹੈ ਅਤੇ 2027 ’ਚ ਸਖ਼ਤੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ, ਕਰਜ਼ਾ ਲੈਣ ਵਾਲੇ ਲੋਕ ਕੁਝ ਸਮੇਂ ਲਈ ਚੈਨ ਦਾ ਸਾਹ ਲੈ ਸਕਦੇ ਹਨ।
