ਔਕਲੈਂਡ : Hamilton ਦੇ ਇੱਕ ਇਲਾਕੇ ’ਚ ਸ਼ਰਾਬ ਦੀ ਦੁਕਾਨ (bottle store) ਨੂੰ ਦੁਬਾਰਾ ਖੋਲ੍ਹਣ ਦੇ ਭਾਰੀ ਵਿਰੋਧ ਨੇ ਸੰਭਾਵੀ ਆਪਰੇਟਰਾਂ ਨੂੰ ਆਪਣੀ ਐਪਲੀਕੇਸ਼ਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ, Pannu & Sidhu Trading Ltd ਨੇ Nawton Shopping Centre ’ਚ ਇੱਕ ਖਾਲੀ ਪਈ ਦੁਕਾਨ ਲਈ Hamilton District Licensing Committee ਕੋਲ ਆਫ਼-ਲਾਈਸੈਂਸ ਵਾਸਤੇ ਅਰਜ਼ੀ ਦਿੱਤੀ ਸੀ। ਕੰਪਨੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਉੱਥੇ ‘Grandview Liquor’ ਖੋਲ੍ਹਣਾ ਚਾਹੁੰਦੇ ਸਨ, ਜਿੱਥੇ ਪਹਿਲਾਂ Smugglers Liquor ਹੁੰਦਾ ਸੀ, ਜਿਸ ਦਾ ਲਾਇਸੈਂਸ 2023 ’ਚ ਰੱਦ ਕਰ ਦਿੱਤਾ ਗਿਆ ਸੀ। ਇਹ ਡਾਇਰੈਕਟਰ Ngatea Hotel, Thirsty Liquor Ngatea ਅਤੇ Nawton Shopping Centre ’ਚ ਸਥਿਤ Yardhouse ਬਾਰ ਦੇ ਵੀ ਮਾਲਕ ਹਨ।
Stuff ਦੀ ਇੱਕ ਰਿਪੋਰਟ ਅਨੁਸਾਰ ਇਸ ਅਰਜ਼ੀ ਦੇ ਖਿਲਾਫ਼ 103 ਜਨਤਕ ਇਤਰਾਜ਼ ਦਰਜ ਕੀਤੇ ਗਏ ਸਨ। ਵਿਰੋਧ ਕਰਨ ਵਾਲਿਆਂ ’ਚ Te Manawa Taki ਖੇਤਰ ਦੇ Medical Officer of Health, Police, ਸਥਾਨਕ ਸਿਹਤ ਸੰਸਥਾਵਾਂ ਅਤੇ The Salvation Army ਸ਼ਾਮਲ ਸਨ। ਇਤਰਾਜ਼ ਕਰਨ ਵਾਲਿਆਂ ਨੇ ਕਿਹਾ ਕਿ Nawton ਭਾਈਚਾਰਾ ਪਹਿਲਾਂ ਹੀ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਤੇ ਸ਼ਰਾਬ ਦੀ ਵਧਦੀ ਉਪਲਬਧਤਾ ਨਾਲ ਘਰੇਲੂ ਹਿੰਸਾ, ਨਸ਼ਾਖੋਰੀ ਅਤੇ ਗਰੀਬੀ ਵਰਗੀਆਂ ਸਮੱਸਿਆਵਾਂ ਹੋਰ ਵਧਣਗੀਆਂ।
ਮੁੱਖ ਲਾਇਸੈਂਸਿੰਗ ਇੰਸਪੈਕਟਰ ਦੀ ਰਿਪੋਰਟ ਅਨੁਸਾਰ, Nawton Mall ’ਚ ਪਹਿਲਾਂ ਵਾਲਾ ਠੇਕਾ ਬੰਦ ਹੋਣ ਤੋਂ ਬਾਅਦ ਇਲਾਕੇ ’ਚ ਅਪਰਾਧ, ਭੀਖ ਮੰਗਣ ਅਤੇ ਸਮਾਜ-ਵਿਰੋਧੀ ਗਤੀਵਿਧੀਆਂ ’ਚ ਕਾਫ਼ੀ ਸੁਧਾਰ ਦੇਖਿਆ ਗਿਆ ਸੀ।
ਸੁਣਵਾਈ ਦੀ ਤਰੀਕ ਤੈਅ ਹੋਣ ਤੋਂ ਪਹਿਲਾਂ ਹੀ Pannu & Sidhu Trading ਦੇ ਵਕੀਲ ਨੇ ਅਰਜ਼ੀ ਵਾਪਸ ਲੈ ਲਈ। ਜਗਦੇਵ ਸਿੰਘ ਨੇ Stuff ਨੂੰ ਦੱਸਿਆ ਕਿ Council, Police ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ 15,000 ਡਾਲਰ ਖਰਚ ਹੋ ਚੁੱਕੇ ਹਨ ਅਤੇ ਅੱਗੇ ਸੁਣਵਾਈ ‘ਤੇ 30,000 ਤੋਂ 40,000 ਡਾਲਰ ਹੋਰ ਲੱਗ ਸਕਦੇ ਸਨ, ਫਿਰ ਵੀ ਲਾਇਸੈਂਸ ਮਿਲਣ ਦੀ ਕੋਈ ਗਾਰੰਟੀ ਨਹੀਂ ਸੀ।
Te Kōhao Health ਦੀ ਨੁਮਾਇੰਦਗੀ ਕਰ ਰਹੀ Tania Bidois ਅਤੇ Communities Against Alcohol Harm ਨਾਲ ਜੁੜੇ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ। Tania Bidois ਨੇ ਕਿਹਾ ਕਿ ਇਹ ਸਿਰਫ਼ ਪੈਸੇ ਕਮਾਉਣ ਦੀ ਖੇਡ ਸੀ ਅਤੇ ਇਸ ਭਾਈਚਾਰੇ ਨੂੰ ਸ਼ਰਾਬ ਦੀ ਇੱਕ ਹੋਰ ਦੁਕਾਨ ਦੀ ਬਿਲਕੁਲ ਲੋੜ ਨਹੀਂ ਸੀ।
